ਨਵੀਂ ਦਿੱਲੀ, 23 ਜੂਨ : ਨੈਸ਼ਨਲ ਹਾਈਵੇਅ ਅਥਾਰਟੀ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਟੋਲ ਫਰੀ ਸਹੂਲਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਅਸਲ 'ਚ ਪੰਜਾਬ ਦੇ ਜਲ ਸਰੋਤ ਮਹਿਕਮੇ ਦੇ ਅਧਿਕਾਰੀਆਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਲਿਖਿਆ ਸੀ ਕਿ ਉਨ੍ਹਾਂ ਨੂੰ ਆਪਣੀ ਡਿਊਟੀ ਸੰਬੰਧੀ ਫੀਲਡ 'ਚ ਜਾ ਕੇ ਕੰਮ ਕਰਨਾ ਪੈਂਦਾ ਹੈ। ਇਸ ਦੇ ਲਈ ਕਈ ਵਾਰ ਉਨ੍ਹਾਂ ਦੇ ਇਲਾਕਿਆਂ 'ਚ ਪੈਂਦੇ ਟੋਲ ਪਲਾਜ਼ਿਆਂ ਕਾਰਨ ਉਨ੍ਹਾਂ 'ਤੇ ਆਪਣੀ ਡਿਊਟੀ ਕਰਨ ਦੌਰਾਨ ਵਾਧੂ ਆਰਥਿਕ ਬੋਝ ਪੈਂਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਟੋਲ ਫਰੀ ਸਹੂਲਤ ਦਿੱਤੀ ਜਾਵੇ। ਜਿਸ ਦੇ ਜਵਾਬ 'ਚ ਨੈਸ਼ਨਲ ਹਾਈਵੇਅ ਅਥਾਰਟੀ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਟੋਲ ਫਰੀ ਸਹੂਲਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਨੇ ਜਵਾਬ ਦਿੰਦਿਆਂ ਕਿਹਾ ਕੇ ਸਰੋਤ ਮਹਿਕਮਾ ਨੈਸ਼ਨਲ ਹਾਈਵੇਅ 'ਤੇ ਟੋਲ ਫਰੀ ਦੀ ਸਹੂਲਤ ਲੈਣ ਦੀਆਂ ਲੋੜੀਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਅਤੇ ਉਸ ਕੈਟਾਗਿਰੀ 'ਚ ਨਹੀਂ ਆਉਂਦਾ, ਜਿਸ ਨੂੰ ਇਹ ਸਹੂਲਤ ਦਿੱਤੀ ਜਾਵੇ।