ਕਪਿਲ ਸ਼ਰਮਾ ਨੂੰ ਮਿਲੀ ਧਮਕੀ, ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ 

ਨਵੀ ਦਿੱਲੀ, 23 ਜਨਵਰੀ 2025 : ਕਾਮੇਡੀਅਨ ਕਪਿਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੁਲਜ਼ਮ ਨੇ ਇੱਕ ਧਮਕੀ ਭਰਿਆ ਈਮੇਲ ਭੇਜਿਆ ਅਤੇ ਕਪਿਲ ਸ਼ਰਮਾ ਦੇ ਪੂਰੇ ਪਰਿਵਾਰ ਨੂੰ ਦਰਦਨਾਕ ਮੌਤ ਦੇਣ ਦੀ ਧਮਕੀ ਦਿੱਤੀ। ਈਮੇਲ ਭੇਜਣ ਵਾਲੇ ਵਿਅਕਤੀ ਨੇ ਕਾਮੇਡੀਅਨ ਨੂੰ ਉਸਦੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਜਾਣਕਾਰਾਂ, ਸਹਿਕਰਮੀਆਂ ਅਤੇ ਇੱਥੋਂ ਤੱਕ ਕਿ ਗੁਆਂਢੀਆਂ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਹੈ। ਜਾਣਕਾਰੀ ਅਨੁਸਾਰ ਈਮੇਲ ਦਾ ਆਈਪੀ ਐਡਰੈੱਸ ਪਾਕਿਸਤਾਨ ਦਾ ਹੈ। ਮੁੰਬਈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਪਿਲ ਸ਼ਰਮਾ ਤੋਂ ਇਲਾਵਾ, ਕਈ ਹੋਰ ਫਿਲਮੀ ਹਸਤੀਆਂ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਹਨ। ਜਿਸ ਸਬੰਧੀ ਮੁੰਬਈ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕਪਿਲ ਤੋਂ ਪਹਿਲਾਂ ਅਦਾਕਾਰ ਰਾਜਪਾਲ ਯਾਦਵ, ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਅਤੇ ਕਾਮੇਡੀਅਨ ਸੁਗੰਧਾ ਮਿਸ਼ਰਾ ਨੂੰ ਵੀ ਅਜਿਹੇ ਧਮਕੀ ਭਰੇ ਈਮੇਲ ਮਿਲ ਚੁੱਕੇ ਹਨ। ਇਹ ਈਮੇਲ ਭੇਜਣ ਵਾਲੇ ਵਿਅਕਤੀ ਦਾ ਨਾਮ ਵਿਸ਼ਨੂੰ ਦੱਸਿਆ ਜਾ ਰਿਹਾ ਹੈ। ਈਮੇਲ ਵਿੱਚ ਧਮਕੀ ਦਿੱਤੀ ਗਈ ਹੈ ਕਿ ਅਸੀਂ ਇਹ ਸਭ ਪਬਲੀਸਿਟੀ ਸਟੰਟ ਵਜੋਂ ਨਹੀਂ ਕਰ ਰਹੇ ਹਾਂ। ਸਾਡੇ ਕੋਲ ਤੁਹਾਡੀਆਂ ਸਾਰੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹੈ। ਸਾਨੂੰ ਅਗਲੇ 8 ਘੰਟਿਆਂ ਦੇ ਅੰਦਰ ਤੁਹਾਡੇ ਤੋਂ ਤੁਰੰਤ ਜਵਾਬ ਦੀ ਉਮੀਦ ਹੈ। ਜੇਕਰ ਸਾਨੂੰ ਕੋਈ ਜਵਾਬ ਨਹੀਂ ਮਿਲਦਾ ਤਾਂ ਅਸੀਂ ਮੰਨ ਲਵਾਂਗੇ ਕਿ ਤੁਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।