ਪੁੰਛ, 9 ਜੁਲਾਈ : ਜੰਮੂ-ਕਸ਼ਮੀਰ ਦੇ ਪੁੰਛ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਪੰਜਾਬ ਦੇ ਦੋ ਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ ਸਨ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਪੁੰਛ ਦੇ ਸੁਰਾਨਕੋਟੇ ਦੇ ਪੋਸ਼ਾਨਾ ਵਿੱਚ ਇਹ ਫੌਜੀ ਡੋਗਰਾ ਨਾਲਾ ਪਾਰ ਕਰ ਰਹੇ ਸਨ ਪਰ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ। ਸਾਥੀ ਦੀ ਜਾਨ ਬਚਾਉਂਦੇ ਸਮੇਂ ਨਾਇਬ ਸੂਬੇਦਾਰ ਕੁਲਦੀਪ ਸਿੰਘ ਵੀ ਸ਼ਹੀਦ ਹੋ ਗਏ। ਮ੍ਰਿਤਕਾਂ ਦੀ ਪਛਾਣ ਲਾਂਸ ਨਾਇਕ ਤੇਲੂ ਰਾਮ, ਹੁਸ਼ਿਆਰਪੁਰ ਤੇ ਨਾਇਬ ਸੂਬੇਦਾਰ ਕੁਲਦੀਪ ਸਿੰਘ, ਤਰਨਤਾਰਨ ਵਜੋੰ ਹੋਈ ਹੈ। ਸ਼ਹੀਦ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਉਨ੍ਹਾਂ ਨੂੰ ਫੋਨ ’ਤੇ ਸੂਚਨਾ ਮਿਲੀ ਕਿ ਉਨ੍ਹਾਂ ਦਾ ਪੁੱਤਰ ਡਿਊਟੀ ਦੌਰਾਨ ਰਸਤੇ ਵਿਚ ਲਾਪਤਾ ਹੋ ਗਿਆ ਹੈ ਜਿਸ ਦੀ ਭਾਲ ਜਾਰੀ ਹੈ। ਜਦੋਂਕਿ ਬਾਅਦ ਵਿਚ ਸੂਚਨਾ ਆਈ ਕਿ ਉਨ੍ਹਾਂ ਦਾ ਪੁੱਤਰ ਸ਼ਹੀਦ ਹੋ ਗਿਆ ਹੈ। ਸ਼ਹੀਦ ਕੁਲਦੀਪ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਕੁਲਦੀਪ ਸਿੰਘ ਹੀ ਪਰਿਵਾਰ ਦਾ ਸਹਾਰਾ ਸੀ, ਉਹ ਵੀ ਦੇਸ਼ ਤੋਂ ਕੁਰਬਾਨ ਹੋ ਗਿਆ। ਸ਼ਹੀਦ ਸੂਬੇਦਾਰ ਕੁਲਦੀਪ ਸਿੰਘ ਦੀ ਦੇਹ ਸੋਮਵਾਰ ਨੂੰ ਸਵੇਰੇ ਪਿੰਡ ਪਹੁੰਚੇਗੀ, ਜਿਥੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਦੱਸ ਦੇਈਏ ਕਿ ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਮੀਂਹ ਕਾਰਨ ਇੱਥੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ ਹੈ। ਮੌਸਮ ਨੂੰ ਦੇਖਦੇ ਹੋਏ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਭਾਰੀ ਮੀਂਹ ਕਾਰਨ ਜੇਹਲਮ ਅਤੇ ਇਸ ਦੀਆਂ ਸਹਾਇਕ ਨਦੀਆਂ ‘ਚ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਕਈ ਥਾਵਾਂ ‘ਤੇ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਉਨ੍ਹਾਂ ਥਾਵਾਂ ਤੋਂ ਦੂਰ ਰਹਿਣ ਲਈ ਕਿਹਾ ਹੈ, ਜਿੱਥੇ ਪਾਣੀ ਵੱਧ ਰਿਹਾ ਹੈ।