
ਨਵੀਂ ਦਿੱਲੀ, 29 ਜਨਵਰੀ 2025 : ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅਤਿਵਾਦੀਆਂ ਲਈ ਕੈਨੇਡਾ ਸੁਰੱਖਿਅਤ ਦੇਸ਼ ਬਣ ਗਿਆ ਹੈ। ਇਹ ਗੱਲ ਕੈਨੇਡਾ ਨੇ ਵੀ ਹੁਣ ਕਬੂਲ ਕਰ ਲਈ ਹੈ। ਦਰਅਸਲ, ਕੈਨੇਡਾ ਸਰਕਾਰ ਵਲੋਂ ਅਪਣੇ ਦੇਸ਼ ’ਚ ਵਿਦੇਸ਼ੀ ਦਖ਼ਲ ਕਮਿਸ਼ਨ (Foreign Interference Commission) ਦਾ ਗਠਨ ਕੀਤਾ ਗਿਆ ਹੈ। ਇਸ ਕਮਿਸ਼ਨ ਨੇ ਸੱਤ ਵਾਲਊਮ ਦੀ ਰਿਪੋਰਟ ਕੈਨੇਡਾ ਸਰਕਾਰ ਨੂੰ ਸੌਂਪੀ ਹੈ। ਵਿਦੇਸ਼ੀ ਦਖ਼ਲ ਦੀ ਜਾਂਚ ਕਰ ਰਹੀ ਇਸ ਕਮੇਟੀ ਨੇ ਰਿਪੋਰਟ ਵਿਚ ਕਈ ਸਨਸਨੀਖੇਜ਼ ਪ੍ਰਗਟਾਵੇ ਕੀਤੇ ਹਨ। ਜਿਸ ਵਿਚ ਪਹਿਲੀ ਵਾਰ ਕੈਨੇਡਾ ਦੀ ਸਰਕਾਰੀ ਏਜੰਸੀ ਨੇ ਮੰਨਿਆ ਹੈ ਕਿ ਉਸ ਦੇ ਦੇਸ਼ ਤੋਂ ਭਾਰਤ ਵਿਰੁਧ ਨਾ ਸਿਰਫ਼ ਅਤਿਵਾਦ ਫੈਲਾਇਆ ਜਾ ਰਿਹਾ ਹੈ ਸਗੋਂ ਅਤਿਵਾਦ ਲਈ ਫ਼ੰਡਿੰਗ ਵੀ ਕੀਤੀ ਜਾ ਰਹੀ ਹੈ। ਕੈਨੇਡਾ ਸਰਕਾਰ ਨੂੰ ਸੌਂਪੀ ਗਈ 7 ਵਾਲਊਮ ਦੀ ਰਿਪੋਰਟ ਦੇ ਚੌਥੇ ਵਾਲਊਮ ‘‘ਸਰਕਾਰ ਦੀ ਸਮਰੱਥਾ ਦਾ ਪਤਾ ਲਗਾਉਣ ਅਤੇ ਰੋਕਣ ਲਈ ਵਿਦੇਸ਼ੀ ਦਖ਼ਲਅੰਦਾਜ਼ੀ’’ ਦੇ ਪੰਨੇ 98 ਅਤੇ 99 ’ਤੇ ਭਾਰਤ ਨਾਲ ਸਬੰਧਤ ਜਾਣਕਾਰੀ ਮੌਜੂਦ ਹੈ। ਕੈਨੇਡਾ ਦੀ ਖੁਫ਼ੀਆ ਏਜੰਸੀ ਸੀਐਸਆਈਐਸ (Canadian Security Intelligence Service) ਨੇ ਰਿਪੋਰਟ ਵਿਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਖ਼ਾਲਿਸਤਾਨ ਸਮਰਥਕਾਂ ਨੂੰ ਲੈ ਕੇ ਭਾਰਤ ਦੀਅ ਚਿੰਤਾਵਾਂ ਜਾਇਜ਼ ਹਨ। ਸੀਐਸਆਈਐਸ ਮੁਤਾਬਕ ਕੁਝ ਖ਼ਾਲਿਸਤਾਨ ਸਮਰਥਕ ਕੈਨੇਡਾ ਵਿਚ ਬੈਠ ਕੇ ਭਾਰਤ ਵਿਰੁਧ ਸਾਜ਼ਸ਼ ਰਚ ਰਹੇ ਹਨ। ਇਸ ਦੇ ਨਾਲ ਹੀ ਭਾਰਤ ਵਿਚ ਅਤਿਵਾਦ ਨੂੰ ਵੀ ਇੱਥੋਂ ਫ਼ੰਡਿੰਗ ਹੁੰਦੀ ਹੈ। ਕੈਨੇਡਾ ਦੇ ਵਿਦੇਸ਼ੀ ਦਖ਼ਲ ਕਮਿਸ਼ਨ ਨੇ ਇਹ ਵੀ ਲਿਖਿਆ ਕਿ ਅਜਿਹੇ ਸਬੂਤ ਮਿਲਣ ਤੋਂ ਬਾਅਦ ਕੈਨੇਡਾ ਨੇ ਅਤਿਵਾਦ ਨਾਲ ਜੁੜੇ ਮਾਮਲਿਆਂ ਵਿਚ ਭਾਰਤ ਦਾ ਸਹਿਯੋਗ ਕੀਤਾ ਹੈ। ਸੀਐਸਆਈਐਸ ਦੀ ਰਿਪੋਰਟ ਵਿਚ ਦਸਿਆ ਗਿਆ ਹੈ ਕਿ ਕੈਨੇਡਾ ਵਿਚ ਮੌਜੂਦ ਖਾਲਿਸਤਾਨੀ ਸਮਰਥਕ ਸ਼ਾਂਤੀ ਨਾਲ ਕੰਮ ਕਰਦੇ ਹਨ। ਕੈਨੇਡਾ ਦੇ ਦੋਸ਼ਾਂ ਤੋਂ ਨਾਰਾਜ਼ ਵਿਦੇਸ਼ ਮੰਤਰਾਲਾ: ਹਾਲਾਂਕਿ, ਵਿਦੇਸ਼ੀ ਦਖ਼ਲ ਕਮਿਸ਼ਨ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਕੈਨੇਡੀਅਨ ਚੋਣਾਂ ਵਿਚ ਦਖਲਅੰਦਾਜ਼ੀ ਕੀਤੀ ਹੈ। ਕੈਨੇਡਾ ਦੇ ਇਸ ਦਾਅਵੇ ’ਤੇ ਵਿਦੇਸ਼ ਮੰਤਰਾਲੇ ਨੇ ਤਿੱਖੀ ਪ੍ਰਤੀਕਿਰਿਆ ਦਿਤੀ ਹੈ। ਮੰਤਰਾਲੇ ਨੇ ਕੈਨੇਡਾ ਦੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਲਗਾਤਾਰ ਦਖਲਅੰਦਾਜ਼ੀ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਅਸੀਂ ਕਥਿਤ ਦਖ਼ਲਅੰਦਾਜ਼ੀ ਨਾਲ ਸਬੰਧਤ ਗਤੀਵਿਧੀਆਂ ਬਾਰੇ ਰਿਪੋਰਟ ਦੇਖੀ ਹੈ। ਸਗੋਂ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਲਗਾਤਾਰ ਦਖ਼ਲਅੰਦਾਜ਼ੀ ਕਰ ਰਿਹਾ ਹੈ।