ਮਾਧਵਗੜ੍ਹ, 7 ਮਈ : ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਦੇ ਮਾਧਵਗੜ੍ਹ ਖੇਤਰ ਵਿਚ ਐਤਵਾਰ ਤੜਕੇ ਬਰਾਤੀਆਂ ਨਾਲ ਭਰੀ ਬੱਸ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਕੇ ਸੜਕ ਕਿਨਾਰੇ ਖੱਡ ਵਿੱਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਐਸਪੀ ਇਰਾਜ ਰਾਜਾ ਨੇ ਦੱਸਿਆ ਕਿ 6 ਮਈ ਦਿਨ ਸ਼ਨੀਵਾਰ ਨੂੰ ਰੇਡਰ ਥਾਣਾ ਖੇਤਰ ਦੇ ਪਿੰਡ ਮੰਡੇਲਾ ਤੋਂ ਇਕ ਬਰਾਤ ਰਾਮਪੁਰਾ ਇਲਾਕੇ ਦੇ ਦੁਤਵਾਲੀ ਆਈ ਸੀ। ਐਤਵਾਰ ਤੜਕੇ 3 ਵਜੇ ਦੇ ਕਰੀਬ ਬੱਸ ਮੰਡੇਲਾ ਨੂੰ ਵਾਪਸ ਜਾ ਰਹੀ ਸੀ। ਬੱਸ ਅਜੇ ਮਾਧਵਗੜ੍ਹ ਦੇ ਪਿੰਡ ਗੋਪਾਲਪੁਰਾ ਨੇੜੇ ਪੁੱਜੀ ਹੀ ਸੀ ਕਿ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਡੂੰਘੇ ਟੋਏ ਵਿੱਚ ਜਾ ਡਿੱਗੀ। ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਬੱਸ ਵਿਚ ਸਵਾਰ ਸਾਰੇ ਲੋਕ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਦੀ ਸੂਚਨਾ 'ਤੇ ਮਾਧਵਗੜ੍ਹ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਾਰੇ ਜ਼ਖਮੀਆਂ ਨੂੰ ਰਾਮਪੁਰਾ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਕੁਲਦੀਪ (36), ਰਘੂਨੰਦਨ (46), ਸਿਰੋਭਾਨ (65), ਕਰਨ ਸਿੰਘ (34) ਅਤੇ ਵਿਕਾਸ (32) ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡੀਐਮ ਚਾਂਦਨੀ ਸਿੰਘ ਹਾਦਸੇ ਵਿਚ ਜ਼ਖ਼ਮੀਆਂ ਨੂੰ ਮਿਲਣ ਲਈ ਮੈਡੀਕਲ ਕਾਲਜ ਪੁੱਜੇ ਹਨ। ਜ਼ਖਮੀਆਂ ਨੂੰ ਬਿਹਤਰ ਇਲਾਜ ਦੇਣ ਦੇ ਨਿਰਦੇਸ਼ ਦਿਤੇ ਗਏ ਹਨ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਵਾਰਸਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਗਿਆ ਹੈ।