ਨਵੀਂ ਦਿੱਲੀ, 23 ਮਾਰਚ : ਸੂਰਤ ਦੀ ਇਕ ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮੋਦੀ ਦੇ ਸਰਨੇਮ ‘ਤੇ ਟਿੱਪਣੀ ਕਰਨ ‘ਤੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਇਸ ਫੈਸਲੇ ‘ਤੇ ਕਾਂਗਰਸ ਹਮਲਾਵਰ ਹੋ ਗਈ ਹੈ। ਪਾਰਟੀ ਨੇ ਕਿਹਾ ਕਿ ਉਹ ਕਾਨੂੰਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਇਹ ਲੜਾਈ ਕਾਨੂੰਨ ਦੇ ਤਹਿਤ ਲੜੀ ਜਾਵੇਗੀ ਅਤੇ ਇਸ ਦੇ ਸਾਬਕਾ ਪ੍ਰਧਾਨ ਬਿਨਾਂ ਡਰੇ ਸੱਚ ਬੋਲਦੇ ਰਹਿਣਗੇ। ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਕਿ ਮੇਰਾ ਧਰਮ ਸੱਚ ਅਤੇ ਅਹਿੰਸਾ ‘ਤੇ ਆਧਾਰਿਤ ਹੈ। ਸੱਚ ਮੇਰਾ ਰੱਬ ਹੈ, ਅਹਿੰਸਾ ਇਸ ਨੂੰ ਹਾਸਲ ਕਰਨ ਦਾ ਸਾਧਨ। ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਸਾਨੂੰ ਪਹਿਲਾਂ ਤੋਂ ਅੰਦਾਜ਼ਾ ਲੱਗ ਰਿਹਾ ਸੀ, ਪਰ ਅਸੀਂ ਕਾਨੂੰਨ ਤੇ ਨਿਆਂਪਾਲਿਕਾ ਵਿੱਚ ਵਿਸ਼ਵਾਸ ਰਖਣ ਵਾਲੇ ਹਨ ਅਤੇ ਕਾਨੂੰਨ ਦੇ ਤਹਿਤ ਲੜਨਗੇ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਸੱਚ ਬੋਲਦੇ ਰਹਿਣਗੇ। ਉਨ੍ਹਾਂ ਟਵੀਟ ਕੀਤਾ, ਡਰੀ ਹੋਈ ਸੱਤਾ ਦੀ ਪੂਰੀ ਮਸ਼ੀਨਰੀ, ਸਾਮ, ਦਾਮ, ਦੰਡ, ਭੇਦ ਲਾ ਕੇ ਰਾਹੁਲ ਗਾਂਧੀ ਜੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰਾ ਭਰਾ ਨਾ ਕਦੇ ਡਰਿਆ ਹੈ ਤੇ ਨਾ ਕਦੇ ਡਰੇਗਾ। ਸੱਚ ਬੋਲਦੇ ਜੀਆ ਹੈ, ਸੱਚ ਬੋਲਦੇ ਰਹਿਣਗੇ। ਦੇਸ਼ ਦੇ ਲੋਕਾਂ ਦੀ ਆਵਾਜ਼ ਉਠਾਉਂਦੇ ਰਹਿਣਗੇ। ਸੱਚਾਈ ਦੀ ਤਾਕਤ ਤੇ ਕਰੋੜਾਂ ਦੇਸ਼ਵਾਸੀਆਂ ਦਾ ਪਿਆਰ ਉਨ੍ਹਾਂ ਦੇ ਨਾਲ ਹੈ। ਪਾਰਟੀ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਕਿਹਾ ਕਿ ਹੁਣ ਤਾਂ ਹਾਲਤ ਇਹ ਹੋ ਗਈ ਹੈ ਕਿ ਮੋਦੀ ਜੀ ਦਾ ਨਾਂ ਲੈਣ ਨਾਲ ਹੀ ਮਾਨਹਾਨੀ ਹੋ ਜਾਂਦੀ ਹੈ। ਰਾਹੁਲ ਗਾਂਧੀ ਨੇ ਕਿਸ ਸਬੰਧ ਵਿੱਚ ਬਿਆਨ ਦਿੱਤਾ ਸੀ, ਉਸ ਨੂੰ ਤਾਂ ਦੇਖੋ, ਲਲਿਤ ਮੋਦੀ, ਨੀਰਵ ਮੋਦੀ, ਅਜਿਹੇ ਤੇ ਵੀ ਮੋਦੀ ਹਨ, ਜੋ ਦੇਸ਼ ਦਾ ਪੈਸਾ ਲੁੱਟ ਕੇ ਭੱਜ ਗਏ, ਉਨ੍ਹਾਂ ਦੇ ਬਾਰੇ ਵਿੱਚ ਉਨ੍ਹਾਂ ਗੱਲ ਕੀਤੀ ਸੀ।