
ਨਵੀਂ ਦਿੱਲੀ, 25 ਜਨਵਰੀ 2025 : ਵਿੱਤੀ ਸਿਹਤ ਦੇ ਲਿਹਾਜ ਨਾਲ ਓਡੀਸ਼ਾ, ਛੱਤੀਸਗੜ੍ਹ, ਗੋਆ, ਗੁਜਰਾਤ ਵਰਗੇ ਸੂਬਿਆਂ ਦੀ ਸਥਿਤੀ ਮਜ਼ਬੂਤ ਨਜ਼ਰ ਆਉਂਦੀ ਹੈ ਜਦੋਂਕਿ ਪੰਜਾਬ, ਆਂਧਰਾ ਪ੍ਰਦੇਸ਼, ਬੰਗਾਲ, ਕੇਰਲ ਦੀ ਵਿੱਤੀ ਸਿਹਤ ਖਰਾਬ ਹੈ। ਇਨ੍ਹਾਂ ਸੂਬਿਆਂ ਦੀ ਸਰਕਾਰ ਨੂੰ ਵਿੱਤੀ ਸਿਹਤ ਸੁਧਾਰਨ ਲਈ ਕਾਫੀ ਯਤਨ ਕਰਨੇ ਪੈਣਗੇ। ਨੀਤੀ ਆਯੋਗ ਨੇ ਸ਼ੁੱਕਰਵਾਰ ਨੂੰ ਦੇਸ਼ ਦੇ 18 ਵੱਡੇ ਸੂਬਿਆਂ ਦਾ ਵਿੱਤੀ ਸਿਹਤ ਸੂਚਕ ਅੰਕ ਜਾਰੀ ਕੀਤਾ ਹੈ। ਇਹ ਸੂਚਕ ਅੰਕ ਵਿੱਤੀ ਸਾਲ 2022-23 'ਚ ਸੂਬਿਆਂ ਦੀ ਵਿੱਤੀ ਕਾਰਗੁਜ਼ਾਰੀ 'ਤੇ ਤਿਆਰ ਕੀਤਾ ਗਿਆ ਹੈ। ਇਸ 'ਚ ਓਡੀਸ਼ਾ ਪਹਿਲੇ ਤੇ ਪੰਜਾਬ ਆਖਰੀ ਨੰਬਰ 'ਤੇ ਰਿਹਾ। ਛੱਤੀਸਗੜ੍ਹ ਦੂਜੇ ਸਥਾਨ 'ਤੇ ਅਤੇ ਗੋਆ ਤੀਜੇ ਸਥਾਨ 'ਤੇ ਰਿਹਾ। ਆਂਧਰਾ ਪ੍ਰਦੇਸ਼ ਹੇਠਾਂ ਤੋਂ ਦੂਜੇ ਤੇ ਬੰਗਾਲ ਤੀਜੇ ਸਥਾਨ 'ਤੇ ਰਿਹਾ। ਇਸ ਸੂਚਕ ਅੰਕ ਰਿਪੋਰਟ ਅਨੁਸਾਰ ਪੰਜਾਬ, ਬੰਗਾਲ ਤੇ ਕੇਰਲ ਦੀ ਵਿੱਤੀ ਹਾਲਤ ਪਿਛਲੇ ਨੌਂ ਸਾਲਾਂ ਤੋਂ ਚੁਣੌਤੀਪੂਰਨ ਰਹੀ ਹੈ। ਇਸ ਦੇ ਨਾਲ ਹੀ ਝਾਰਖੰਡ ਦੀ ਵਿੱਤੀ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋਈ ਹੈ। ਝਾਰਖੰਡ ਸੂਚਕ ਅੰਕ 'ਚ ਚੌਥੇ ਸਥਾਨ 'ਤੇ ਰਿਹਾ। ਉੱਤਰ ਪ੍ਰਦੇਸ਼ ਸੱਤਵੇਂ, ਬਿਹਾਰ 13ਵੇਂ, ਹਰਿਆਣਾ 14ਵੇਂ ਅਤੇ ਮੱਧ ਪ੍ਰਦੇਸ਼ ਨੌਵੇਂ ਸਥਾਨ 'ਤੇ ਹੈ। ਵਿੱਤੀ ਸਿਹਤ ਦਾ ਸੂਚਕ ਅੰਕ ਪੰਜ ਮਾਪਦੰਡਾਂ ਨੂੰ ਧਿਆਨ ਵਿਚ ਰੱਖਦਿਆਂ ਡਿਜ਼ਾਈਨ ਕੀਤਾ ਗਿਆ ਹੈ। ਇਨ੍ਹਾਂ ਸੂਬਿਆਂ ਵੱਲੋਂ ਇਕੱਤਰ ਕੀਤੇ ਗਏ ਮਾਲੀਆ, ਵਿੱਤੀ ਘਾਟੇ ਦੀ ਸਥਿਤੀ, ਸੂਬਿਆਂ 'ਤੇ ਕਰਜ਼ ਅਤੇ ਕਰਜ਼ ਦੇ ਭੁਗਤਾਨ 'ਚ ਹੋ ਰਹੀ ਕਮੀ ਜਾਂ ਵਾਧੇ ਨੂੰ ਸ਼ਾਮਲ ਕੀਤਾ ਗਿਆ ਹੈ। ਗੁਣਵੱਤਾ ਵਾਲੇ ਖਰਚ ਵਿਚ ਸਿੱਖਿਆ ਤੇ ਹਸਪਤਾਲ ਵਰਗੇ ਸਮਾਜਿਕ ਕੰਮਾਂ ਨਾਲ ਇਨਫਰਾਸਟ੍ਰਕਚਰ ਵਿਕਾਸ 'ਤੇ ਹੋਣ ਵਾਲੇ ਖਰਚ ਸ਼ਾਮਲ ਹਨ।
ਵਿੱਤੀ ਸਿਹਤ ਸੂਚੀ
ਓਡੀਸ਼ਾ 01, ਛੱਤੀਸਗੜ੍ਹ 02, ਗੋਆ 03, ਝਾਰਖੰਡ 04, ਗੁਜਰਾਤ 05, ਮਹਾਰਾਸ਼ਟਰ 06, ਉੱਤਰ ਪ੍ਰਦੇਸ਼ 07, ਤੇਲੰਗਾਨਾ, 08, ਮੱਧ ਪ੍ਰਦੇਸ਼ 09, ਕਰਨਾਟਕ 10, ਤਾਮਿਲਨਾਡੂ 11, ਰਾਜਸਥਾਨ 12, ਬਿਹਾਰ 13, ਹਰਿਆਣਾ 14, ਕੇਰਲ 15, ਬੰਗਾਲ 16, ਆਂਧਰਾ ਪ੍ਰਦੇਸ਼ 17, ਪੰਜਾਬ 18