ਰੀਵਾ, 29 ਜੂਨ : ਮੱਧ ਪ੍ਰਦੇਸ਼ ਦੇ ਜਿਲ੍ਹਾ ਰੀਵਾ ਦੇ ਲਾਲਗਾਓਂ ਚੌਂਕੀ ਇਲਾਕੇ ‘ਚ ਇੱਕ ਕਾਰ ਬੇਕਾਬੂ ਹੋ ਕੇ ਪਲਟਣ ਕਾਰਨ 4 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਉਨ੍ਹਾਂ ਤੋਂ ਇਲਾਵਾ ਦੋ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਹਨ। ਸੂਚਨਾ ਮਿਲਦੇ ਹੀ ਲਾਲੜੂ ਚੌਕੀ ਅਤੇ ਗੜ੍ਹਾ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਲਾਲਗਾਓਂ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਸ਼ੈਲੇਂਦਰ ਸਿੰਘ ਨੇ ਦਸਿਆ ਕਿ ਸੈਲਾਨੀ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਵਸਨੀਕ ਹਨ ਅਤੇ ਕਿਓਤੀ ਝਰਨੇ ਨੂੰ ਦੇਖਣ ਆਏ ਸਨ, ਜਿਨ੍ਹਾਂ ਵਿਚੋਂ ਸ਼ਿਵਮ ਕੇਸ਼ਰਵਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ 5 ਲੋਕਾਂ ਨੂੰ ਸਿਰਮੌਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਹਨਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੀਵਾ ਦੇ ਸੰਜੇ ਗਾਂਧੀ ਹਸਪਤਾਲ ਰੈਫਰ ਕਰ ਦਿਤਾ ਗਿਆ। ਜਿਥੇ ਪੰਕਜ ਜੈਸਵਾਲ, ਮਨੀਸ਼ ਜੈਸਵਾਲ ਅਤੇ ਸਤਿਆਜੀਤ ਚੈਟਰਜੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਮੁਤਾਬਕ ਪ੍ਰਯਾਗਰਾਜ ਦੇ ਰਹਿਣ ਵਾਲੇ 11 ਲੋਕ ਦੋ ਕਾਰਾਂ ਵਿਚ ਨੈਸ਼ਨਲ ਹਾਈਵੇਅ 30 ਰਾਹੀਂ ਦੁਪਹਿਰ ਵੇਲੇ ਰੀਵਾ ਜ਼ਿਲ੍ਹੇ ਵਿਚ ਦਾਖ਼ਲ ਹੋਏ। ਦੋਵੇਂ ਕਾਰਾਂ ਅੱਗੇ-ਪਿੱਛੇ ਜਾ ਰਹੀਆਂ ਸਨ। ਇਸੇ ਦੌਰਾਨ ਲਾਲਗਾਂਵ ਨੇੜੇ ਦੇਵਾਸ ਮੋੜ ’ਤੇ ਪਹਿਲੀ ਕਾਰ ਬੇਕਾਬੂ ਹੋ ਕੇ ਪਲਟ ਗਈ। ਪਿੱਛੇ ਆ ਰਹੇ ਵਾਹਨ 'ਚ ਸਵਾਰ ਵਿਅਕਤੀਆਂ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਾਦਸਾਗ੍ਰਸਤ ਕਾਰ 'ਚੋਂ ਬਾਹਰ ਕੱਢਿਆ।