
ਫਰੀਦਕੋਟ 13 ਮਾਰਚ 2025 : ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਆਰੁਣ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫਰੀਦਕੋਟ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰ ਦੀ ਦੋ ਰੋਜ਼ਾ ਸਿਖਲਾਈ ਯੂਥ ਵਰਕਸ਼ਾਪ ਸਰਕਾਰੀ ਬ੍ਰਿਜਿੰਦਰਾ ਕਾਲਜ, ਫਰੀਦਕੋਟ ਵਿਖੇ ਕਰਵਾਈ ਗਈ। ਇਸ ਦੋ ਦਿਨਾਂ ਸਿਖਲਾਈ ਵਰਕਸ਼ਾਪ ਵਿੱਚ ਪੰਚਾਇਤੀ ਵਿਭਾਗ, ਖੇਤੀਬਾੜੀ ਵਿਭਾਗ, ਜੰਗਲਾਤ ਵਿਭਾਗ, ਸਿਵਲ ਸਰਜਨ ਦਫਤਰ ਦੇ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੇ ਆਪਣੇ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਆਰੁਣ ਕੁਮਾਰ ਨੇ ਦੱਸਿਆ ਕਿ ਯੂਥ ਸਰਵਿਸਜ਼ ਪਾਲਿਸੀ 2024 ਦੇ ਆਧਾਰ ਤੇ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਯੂਥ ਕਲੱਬਾਂ ਨੂੰ ਹੋਰ ਸਰਗਰਮ ਬਣਾਉਣ ਹਿੱਤ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਕਲੱਬਾਂ ਨੂੰ ਜ਼ਿਲ੍ਹਾ ਪੱਧਰ ਤੇ 5 ਲੱਖ, 3 ਲੱਖ ਤੇ 2 ਲੱਖ ਰੁਪਏ ਦੇ ਨਕਦ ਇਨਾਮ ਪ੍ਰਦਾਨ ਕਰਨ ਹਿੱਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਲਈ ਜਾਗਰੂਕ ਕਰਨ ਹਿੱਤ ਇਹ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਕਰਵਾਈ ਗਈ। ਡਾ. ਮਨਜੀਤ ਸਿੰਘ ਮੱਕੜ ਪ੍ਰਿੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵੱਲੋਂ ਵੱਖ ਵੱਖ ਵਿਭਾਗਾਂ ਤੋਂ ਆਏ ਬੁਲਾਰਿਆਂ ਅਤੇ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਜੀ ਆਇਆ ਕਿਹਾ। ਇਸ ਵਰਕਸ਼ਾਪ ਦੌਰਾਨ ਪਹਿਲੇ ਦਿਨ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਵੱਲੋਂ ਵਾਤਾਵਰਨ ਸੁਧਾਰ ਲਈ ਯਤਨ ਵਿਸ਼ੇ ਤੇ ਜਾਣਕਾਰੀ ਦਿੱਤੀ ਗਈ। ਅਕਸ਼ੇ ਗਰਗ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵਿਸ਼ੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਲਖਵਿੰਦਰ ਕੌਰ ਵਣ ਵਿਭਾਗ ਫਰੀਦਕੋਟ ਵੱਲੋਂ ਇੱਕ ਸਾਲ ਬਾਅਦ ਘੱਟੋ ਘੱਟ 3 ਘੇਰੇ ਅਤੇ 8 ਫੁੱਟ ਉਚਾਈ ਤੱਕ ਵਥੇ ਹੋਏ ਰੁੱਖ ਵਿਸ਼ੇ ਨਾਲ ਸਬੰਧਤ ਜਾਣਕਾਰੀ ਦਿੰਦਿਆਂ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਦੱਸਿਆ ਕਿ ਕਿਹੜੇ ਕਿਹੜੇ ਬੂਟੇ ਕਿਸ ਰੁੱਤ ਵਿੱਚ ਲਗਾ ਕੇ ਅਸੀ ਨਾ ਸਿਰਫ ਵਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ ਸਗੋਂ ਇਸ ਤਰ੍ਹਾਂ ਕਰਨ ਲਈ ਕਈ ਤਰ੍ਹਾਂ ਦੇ ਰੁਜ਼ਗਾਰ ਵੀ ਪੈਦਾ ਕਰ ਸਕਦੇ ਹਾਂ। ਡਾ. ਜਸਲੀਨ ਕੌਰ ਐਮ.ਡੀ. ਪੈਥਾਲੋਜੀ ਸਿਵਲ ਹਸਪਤਾਲ ਫਰੀਦਕੋਟ ਨੇ ਖੂਨਦਾਨ ਲਈ 20 ਯੂਨਿਟ ਖੂਨਦਾਨ ਕਰਨਾ ਵਿਸ਼ੇ ਤੇ ਜਾਣਕਾਰੀ ਦਿੱਤੀ । ਇਸ ਮੌਕੇ ਕਿਰਨਦੀਪ ਕੌਰ ਅੱਖਾਂ ਵਿਗਿਆਨ ਅਧਿਕਾਰੀ ਸਿਵਲ ਸਰਜਨ ਸਿਵਲ ਹਸਪਤਾਲ ਵੱਲੋਂ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਵਿਸ਼ੇ ਤੇ ਭਰਪੂਰ ਜਾਣਕਾਰੀ ਦਿੱਤੀ ਗਈ। ਸ. ਗੁਰਸਾਹਿਬ ਸਿੰਘ ਕਾਉਂਸਲਰ ਸਿਵਲ ਸਰਜਨ ਹਸਪਤਾਲ ਫਰੀਦਕੋਟ ਵੱਲੋਂ ਨਸ਼ਾ ਛੁਡਾਊ ਯਤਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ੇ ਕਰਨ ਵਾਲਾ ਆਪਣੇ ਭਵਿੱਖ ਦੇ ਨਾਲ ਨਾਲ ਆਪਣੇ ਪਰਿਵਾਰ ਅਤੇ ਸਮਾਜ ਦੇ ਭਵਿੱਖ ਨਾਲ ਵੀ ਖਿਲਵਾੜ ਕਰਦਾ ਹੈ। ਨਸ਼ੇ ਵਿੱਚ ਗ੍ਰਸਤ ਨੌਜਵਾਨੀ ਨੂੰ ਬਚਾਉਣ ਲਈ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਅੱਗੇ ਆ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ। ਇਸ ਵਰਕਸ਼ਾਪ ਵਿੱਚ ਦੋਨੋਂ ਦਿਨ ਜ਼ਿਲ੍ਹਾ ਫਰੀਦਕੋਟ ਚੱਲ ਰਹੀਆਂ ਲਗਭਗ 40 ਯੂਥ ਕਲੱਬਾਂ ਦੇ 50-50 ਨੌਜਵਾਨਾਂ ਨੇ ਭਾਗ ਲਿਆ। ਇਸ ਵਰਕਸ਼ਾਪ ਨੂੰ ਸਫਲਤਾ ਪੂਰਵਕ ਨੇਪੜੇ ਚਾੜ੍ਹਨ ਲਈ ਡਾ. ਪੂਜਾ ਭੱਲਾ ਵਾਈਸ ਪ੍ਰਿੰਸੀਪਲ ਡਾ. ਸ਼ਾਲੀਨੀ ਗਰਗ, ਰੈੱਡ ਰਿਬਨ ਕਲੱਬ ਦੇ ਕਨਵੀਨਰ ਪ੍ਰੋ: ਸੁਖਜੀਤ ਸਿੰਘ, ਪ੍ਰੋਗਰਾਮ ਅਫਸਰ ਪ੍ਰੋ: ਕਿਰਨ ਬਾਲਾ, ਪ੍ਰੋ: ਸੋਨੀਕਾ ਰਾਣੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਫਰੀਦਕੋਟ ਤੋਂ ਅਮਨਦੀਪ ਕੌਰ ਸਟੈਨੋ ਅਤੇ ਸਮੂਹ ਯੂਥ ਕਲੱਬਾਂ ਦੇ ਨੌਜਵਾਨਾਂ ਦਾ ਭਰਪੂਰ ਯੋਗਦਾਨ ਰਿਹਾ। ਵਰਕਸ਼ਾਪ ਦੌਰਾਨ ਮੰਚ ਸੰਚਾਲਨ ਪ੍ਰੋ: ਗੁਰਲਾਲ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਪ੍ਰੋ: ਗਗਨਦੀਪ ਸਿੰਘ ਪ੍ਰੋ: ਹਿਮਾਯੂੰ ਨਾਗਪਾਲ, ਪ੍ਰੋ: ਕਮਲਜੀਤ ਕੌਰ ਵੀ ਹਾਜ਼ਰ ਸਨ।