ਮਿਸ਼ਨ ਐਕਸੀਲੈਂਸ ਤਹਿਤ ਮੌਜੂਦਾ ਵਿਦਿਅਕ ਸੈਸ਼ਨ ਦੌਰਾਨ ਜ਼ਿਲ੍ਹਾ ਸੰਗਰੂਰ ਵਿੱਚ 100 ਵਿਦਿਆਰਥੀਆਂ ਨੂੰ ਮੈਰਿਟ ਵਿੱਚ ਲਿਆਉਣ ਦਾ ਟੀਚਾ 

  • ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਟੀਚੇ ਨੂੰ ਸਫ਼ਲਤਾ ਨਾਲ ਲਾਗੂ ਕਰਨ ਲਈ ਅਧਿਆਪਕਾਂ ਤੋਂ ਲਏ ਸੁਝਾਅ 
  • 29 ਜੁਲਾਈ ਨੂੰ ਹੋਵੇਗੀ ਵਿਦਿਆਰਥੀਆਂ ਦੀ ਸਕਰੀਨਿੰਗ 

ਸੰਗਰੂਰ, 9 ਜੁਲਾਈ 2024 : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸੱਦਾ ਦਿੱਤਾ ਹੈ ਕਿ ਮੌਜੂਦਾ ਅਕਾਦਮਿਕ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ ਦੇ ਅੱਠਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਸ਼ਨ ਐਕਸੀਲੈਂਸ ਦੇ ਤਹਿਤ ਸਰਵੋਤਮ ਸਿੱਖਿਆ ਪ੍ਰਦਾਨ ਕਰਨ ਵਿੱਚ ਸਰਗਰਮ ਯੋਗਦਾਨ ਪਾਇਆ ਜਾਵੇ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਿਸ਼ਨ ਐਕਸੀਲੈਂਸ ਤਹਿਤ ਕੀਤੇ ਜਾਣ ਵਾਲੇ ਵੱਖ ਵੱਖ ਉਪਰਾਲਿਆਂ ਬਾਰੇ  ਸੰਬੰਧਿਤ ਸਕੂਲੀ ਅਧਿਆਪਕਾਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਪਿਛਲੇ ਵਿਦਿਆਕ ਵਰੇ ਦੌਰਾਨ ਜਿਲਾ ਸੰਗਰੂਰ ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਮੈਰਿਟ ਵਿੱਚ ਆਪਣਾ ਨਾਮ ਚਮਕਾਇਆ ਹੈ ਅਤੇ ਹੁਣ ਇਸ ਗਿਣਤੀ ਵਿੱਚ ਵੱਡਾ ਵਾਧਾ ਕੀਤੇ ਜਾਣ ਲਈ ਹੋਰ ਵੀ ਦ੍ਰਿੜ ਇਰਾਦੇ ਅਤੇ ਤਨਦੇਹੀ ਨਾਲ ਯਤਨ ਕੀਤੇ ਜਾਣ ਦੀ ਜਰੂਰਤ ਹੈ। ਉਨਾ ਕਿਹਾ ਵਿਦਿਆਰਥੀਆਂ ਨੂੰ ਬਹੁਤੀ ਵਾਰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਬਾਰਵੀਂ ਤੋਂ ਬਾਅਦ ਆਪਣੇ ਜੀਵਨ ਨੂੰ ਰੁਸ਼ਨਾਉਣ ਲਈ ਕਿਹੜੇ ਵਿਸ਼ਿਆਂ ਦੀ ਚੋਣ ਕਰਨੀ ਹੈ ਅਤੇ ਜ਼ਿੰਦਗੀ ਵਿੱਚ ਬੁਲੰਦੀਆਂ ਨੂੰ ਛੂਹਣ ਲਈ ਕਿਹੜੀ ਦਿਸ਼ਾ ਵੱਲ ਜਾਣਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 9 ਅਗਸਤ ਨੂੰ ਜਿਲਾ ਸੰਗਰੂਰ ਵਿੱਚ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਇੱਕ ਸੰਵਾਦ ਸੈਸ਼ਨ ਕੀਤਾ ਜਾਵੇਗਾ ਜਿਸ ਵਿੱਚ ਮਾਪਿਆਂ ਦੀ ਕਾਊਂਸਲਿੰਗ ਕੀਤੀ ਜਾਵੇਗੀ ਤਾਂ ਜੋ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਆਪਣੇ ਪੱਧਰ ਤੇ ਬਣਦਾ ਯੋਗਦਾਨ ਪਾ ਸਕਣ। ਉਹਨਾਂ ਕਿਹਾ ਕਿ ਇਸ ਸੈਸ਼ਨ ਵਿੱਚ ਜ਼ਿਲ੍ਹੇ ਦੇ 100 ਵਿਦਿਆਰਥੀਆਂ ਨੂੰ ਮੈਰਿਟ ਵਿੱਚ ਲਿਆਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ ਜਿਸ ਨੂੰ ਸਾਕਾਰ ਕਰਨ ਵਿੱਚ ਨਾ ਕੇਵਲ ਵਿਦਿਆਰਥੀਆਂ ਬਲਕਿ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੇ ਭਰਪੂਰ ਯੋਗਦਾਨ ਦੀ ਬੇਹੱਦ ਜਰੂਰਤ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਪ ਜਿਲਾ ਸਿੱਖਿਆ ਅਫਸਰ ਪ੍ਰੀਤਇੰਦਰ ਘਈ ਨੇ ਦੱਸਿਆ ਕਿ ਕਿ ਮੁਢਲੇ ਤੌਰ ਤੇ ਮਿਸ਼ਨ ਐਕਸੀਲੈਂਸ ਤਹਿਤ ਸ਼ਡਿਊਲ ਬਣਾ ਲਿਆ ਗਿਆ ਹੈ ਜਿਸ ਤਹਿਤ 29 ਜੁਲਾਈ ਨੂੰ ਵਿਦਿਆਰਥੀ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਜਿਸ ਵਿੱਚੋਂ ਵਧੀਆ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੇ ਕ੍ਰਮਵਾਰ ਨਵੰਬਰ, ਦਸੰਬਰ ਅਤੇ ਫਰਵਰੀ ਵਿੱਚ ਮੋਕ ਟੈਸਟ ਲਈ ਜਾਣਗੇ ਤਾਂ ਕਿ ਮਿਸ਼ਨ ਐਕਸੀਲੈਂਸ ਤਹਿਤ ਨਿਰਧਾਰਤ ਕੀਤੇ ਗਏ ਵੱਖ ਵੱਖ ਨੁਕਤਿਆਂ ਵਿੱਚ ਉਹਨਾਂ ਦੀ ਕਾਬਲੀਅਤ ਨੂੰ ਹੋਰ ਨਿਖਾਰਿਆ ਜਾ ਸਕੇ।