ਪਟਿਆਲਾ, 24 ਫਰਵਰੀ : ਪਟਿਆਲਾ ਦੇ ਪਿੰਡ ਖਾਸਪੁਰ ਨੇੜੇ ਬੀਤੀ ਦੇਰ ਰਾਤ ਇਕ ਸੜਕ ਹਾਦਸੇ ਵਿਚ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਤੀਜਾ ਸਾਥੀ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਨੇੜੇ ਤੇ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਕਾਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਬਨੂੜ ਦੇ ਏਐੱਸਆਈ ਮੁਹੰਮਦ ਨਸੀਮ ਨੇ ਦੱਸਿਆ ਕਿ ਬਾਈਕ ਸਵਾਰ ਤਿੰਨੋਂ ਨੌਜਵਾਨ ਇਕੋ ਹੀ ਸਕੂਲ ਵਿ ਪੜ੍ਹਦੇ ਸਨ ਤੇ ਗਰੀਬ ਪਰਿਵਾਰ ਤੋਂ ਹੋਣ ਕਾਰਨ ਆਪਣਾ ਖਰਚਾ ਚੁੱਕਣ ਲਈ ਪੜ੍ਹਾਈ ਦੇ ਨਾਲ ਵੇਟਰ ਦਾ ਕੰਮ ਕਰਦੇ ਸਨ। ਗਗਨਦੀਪ ਸਿੰਘ (19) ਵਾਸੀ ਪਿੰਡ ਚੰਗੇਰਾ ਤੇ ਛਿੰਦਾ ਸਿੰਘ (19) ਵਾਸੀ ਖਲੌਰ ਦੋਵੇਂ 12ਵੀਂ ਕਲਾਸ ਤੇ ਜਤਿਨ ਕੁਮਾਰ (17) ਵਾਸੀ ਖਲੌਰ 11ਵੀਂ ਕਲਾਸ ਦਾ ਵਿਦਿਆਰਥੀ ਹੈ। ਵੀਰਵਾਰ ਸ਼ਾਮ ਨੂੰ ਤਿੰਨੋਂ ਨੌਜਵਾਨ ਪਿੰਡ ਧਰਮਗੜ੍ਹ ਤੋਂ ਇਕ ਵਿਆਹ ਸਮਾਗਮ ਵਿਚ ਵੇਟਰ ਦਾ ਕੰਮ ਕਰਨ ਗਏ ਸਨ। ਰਾਤ ਨੂੰ ਕੰਮ ਨਿਪਟਾ ਕੇ ਇਹ ਤਿੰਨੋਂ ਬਾਈਕ ‘ਤੇ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਸਨ ਕਿ ਇਸ ਵਿਚ ਲਗਭਗ 12 ਵਜੇ ਜਦੋਂ ਤਿੰਨੋਂ ਤੇਪਲਾ ਮਾਰਗ ‘ਤੇ ਸਥਿਤ ਪਿੰਡ ਖਾਸਪੁਰ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਤੇਜ਼ ਰਫਤਾਰ ਕਰੇਟਾ ਨੇ ਇਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਗਗਨਦੀਪ ਸਿੰਘ ਤੇ ਛਿੰਦਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਜਤਿਨ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਉਹ ਫਿਲਹਾਲ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਅਧੀਨ ਹੈ। ਪੁਲਿਸ ਮੁਤਾਬਕ ਵਾਰਦਾਤ ਦੇ ਬਾਅਦ ਦੋਸ਼ੀ ਕਰੇਟਾ ਚਾਲਕ ਬੁਰੀ ਤਰ੍ਹਾਂ ਤੋਂ ਨੁਕਸਾਨੀ ਗਈ ਆਪਣੀ ਕਾਰ ਨੂੰ ਮੌਕੇ ‘ਤੇ ਹੀ ਛੱਡ ਕੇ ਫਰਾਰ ਹੋ ਗਿਆ। ਫਿਲਹਾਲ ਅਣਪਛਾਤੇ ਖਿਲਾਪ ਕੇਸ ਦਰਜ ਕਰਕੇ ਦੋਸ਼ੀ ਚਾਲਕ ਬਾਰੇ ਪਤਾ ਲਗਾਇਆ ਜਾ ਰਿਹਾ ਹੈ।