- ਪੁਲਿਸ ਵੱਲੋਂ ਲੜਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਸਖੀ ਸੈਂਟਰ ਭੇਜਿਆ ਗਿਆ।
- ਲੜਕੀਆਂ ਵੱਲੋਂ ਲਾਰੈਂਸ ਬਿਸ਼ਨੋਈ ਦੇ ਪਿੰਡ ਜਾਣ ਲਈ ਰੇਲਵੇ ਦੀ ਟਿਕਟਾਂ ਕਰਵਾਈਆਂ ਬੁੱਕ
ਬਠਿੰਡਾ, 16 ਮਾਰਚ : ਦਿੱਲੀ ਦੀਆਂ ਦੋ ਨਾਬਾਲਗ ਲੜਕੀਆਂ ਅੱਜ ਬਠਿੰਡਾ ਦੀ ਹਾਈ ਸਕਿਊਰਿਟੀ ਜੇਲ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਲਈ ਬਠਿੰਡਾ ਪਹੁੰਚ ਗਈਆਂ। ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਹੁੰਦਿਆਂ ਜਦੋਂ ਇਨ੍ਹਾਂ ਨਾਬਾਲਗ ਲੜਕੀਆਂ ਵੱਲੋਂ ਤਸਵੀਰਾਂ ਖਿਚਣੀਆ ਸ਼ੁਰੂ ਕਰ ਦਿੱਤੀਆਂ ਤਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਦੀ ਸੂਚਨਾ ਪੰਜਾਬ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵੱਲੋਂ ਲੜਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਸਖੀ ਸੈਂਟਰ ਭੇਜ ਦਿੱਤਾ ਗਿਆ। ਜ਼ਿਲਾ ਬਾਲ ਵਿਕਾਸ ਅਧਿਕਾਰੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਦੋਵੇਂ ਨਾਬਾਲਗ ਲੜਕੀਆਂ ਨੂੰ ਉਹਨਾਂ ਵੱਲੋਂ ਸਖੀ ਸੈਂਟਰ ਵਿੱਚ ਰੱਖਿਆ ਗਿਆ ਹੈ ਅਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਨਾਬਾਲਗ ਲੜਕੀਆਂ ਸ਼ੋਸ਼ਲ ਮੀਡੀਆ ਤੋਂ ਪ੍ਰਭਾਵਤ ਹੋ ਕੇ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਵਾਸਤੇ ਪਹੁੰਚੀਆਂ ਸਨ, ਜਿੱਥੇ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲੀਸ ਰਾਹੀਂ ਨਾਬਾਲਗ ਲੜਕੀਆਂ ਨੂੰ ਸਖੀ ਸੈਂਟਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਲੜਕੀਆਂ ਦਿੱਲੀ ਦੀਆਂ ਰਹਿਣ ਵਾਲੀਆਂ ਹਨ ਉਨ੍ਹਾਂ ਦੇ ਮਾਤਾ ਪਿਤਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜੋ ਇਹਨਾਂ ਨੂੰ ਲੈਣ ਲਈ ਬਠਿੰਡਾ ਆਏ ਹਨ ਉਨ੍ਹਾਂ ਵੱਲੋਂ ਫਿਲਹਾਲ ਲੜਕੀਆਂ ਦੀ ਕੌਂਸਲਿੰਗ ਕੀਤੀ ਗਈ ਹੈ। ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਦੋ ਨਾਬਾਲਗ ਲੜਕੀਆਂ ਬਠਿੰਡਾ ਦੀ ਕੇਂਦਰੀ ਜੇਲ੍ਹ ਜੋ ਕਿ ਗੋਬਿੰਦਪੁਰਾ ਪਿੰਡ ਵਿੱਚ ਬਣੀ ਹੋਈ ਹੈ ਵਿਖੇ ਆਟੋ ਰਾਹੀਂ ਪਹੁੰਚੀਆਂ ਅਤੇ ਵੱਖ-ਵੱਖ ਥਾਵਾਂ ਤੋਂ ਸੈਲਫੀ ਲੈਣ ਲੱਗੀਆਂ, ਜਿਸ ਦਾ ਪਤਾ ਚੱਲਦਿਆਂ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਲੜਕੀਆਂ ਵੱਲੋਂ ਲਾਰੈਂਸ ਬਿਸ਼ਨੋਈ ਦੇ ਪਿੰਡ ਜਾਣ ਲਈ ਰੇਲਵੇ ਦੀ ਟਿਕਟਾਂ ਬੁੱਕ ਕਰਵਾਈਆਂ ਗਈਆਂ ਸਨ। ਇਹਨਾਂ ਵੱਲੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਆਪਣਾ ਸਮਾਨ ਰੱਖ ਕੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਜਾ ਕੇ ਸੈਲਫੀਆਂ ਖਿੱਚੀਆਂ ਗਈਆਂ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਸਖੀ ਸੈਂਟਰ ਭੇਜਿਆ ਗਿਆ ਸੀ।