ਮੋਹਾਲੀ ਸ਼ਹਿਰ ’ਚ ਰੋਜ਼ਾਨਾ 92 ਯੋਗਾ ਸੈਸ਼ਨਾਂ ਰਾਹੀਂ ‘ਸੀ ਐਮ ਦੀ ਯੋਗਸ਼ਾਲਾ’ ਕਰ ਰਹੀ ਹੈ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਜਾਗਰੂਕ-ਐਸ ਡੀ ਐਮ ਦੀਪਾਂਕਰ ਗਰਗ

  • 18 ਯੋਗਾ ਟ੍ਰੇਨਰ ਦੱਸ ਰਹੇ ਹਨ ਲੋਕਾਂ ਨੂੰ ਯੋਗ ਆਸਣਾਂ ਨਾਲ ਬਿਮਾਰੀਆਂ ਨੂੰ ਦੂਰ ਕਰਨ ਦੀ ਮਹੱਤਤਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜੂਨ, 2024 : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਸ਼ੁਰੂ ਕੀਤੀ ‘ਸੀ ਐਮ ਦੀ ਯੋਗਸ਼ਾਲਾ’ ਤਹਿਤ ਮੋਹਾਲੀ ਸ਼ਹਿਰ ’ਚ ਰੋਜ਼ਾਨਾ 92 ਯੋਗਾ ਸੈਸ਼ਨ ਲਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ ਨੇ ਦੱਸਿਆ ਕਿ ਮੋਹਾਲੀ ਵਿੱਚ ਕੁੱਲ 18 ਯੋਗਾ ਟ੍ਰੇਨਰ ਲੋਕਾਂ ਨੂੰ ਮੁਫ਼ਤ ਯੋਗਾ ਸੈਸ਼ਨ ਲਾ ਕੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੂਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ ’ਚ ਇੰਪਲਾਇਜ਼ ਸੁਸਾਇਟੀ ਸੈਕਟਰ 68, ਫ਼ੇਸ 6 ਪਾਰਕ ਨੰ. 23, ਪਾਰਕ ਨੰ. 25, ਫ਼ੇਸ 4, ਜੇ ਐਲ ਪੀ ਐਲ ਸੁਸਾਇਟੀ ਸੈਕਟਰ 94, ਫ਼ੇਸ 1 ਦੇ ਪਾਰਕ ਨੰ. 23 ਅਤੇ ਢੇਲਪੁਰ ਪਿੰਡ ਸਮੇਤ ਕੁੱਲ 92 ਥਾਂਵਾਂ ’ਤੇ ਰੋਜ਼ਾਨਾ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਯੋਗਾ ਦੀ ਮੱਦਦ ਨਾਲ ਆਪਣੀ ਜੀਵਨ ਸ਼ੈਲੀ ’ਚ ਸੁਧਾਰ ਕਰਕੇ ਅਜਿਹੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਇਆ ਜਾ ਸਕੇ, ਜਿਨ੍ਹਾਂ ਦਾ ਭਾਰਤ ਦੀ ਇਸ ਪੁਰਤਾਨ ਵਿਆਯਮ ਪੱਧਤੀ ’ਚ ਕਾਰਗਰ ਇਲਾਜ ਉਪਲਬਧ ਹੈ। ਫ਼ੇਸ 4 ਚ ਯੋਗਾ ਕਲਾਸਾਂ ਲਾ ਰਹੇ ਟ੍ਰੇਨਰ ਸ਼ਿਵਨੇਤਰ ਸਿੰਘ ਦਾ ਕਹਿਣਾ ਹੈ ਕਿ ਲੋਕਾਂ ’ਚ ਯੋਗਾ ਪ੍ਰਤੀ ਹਾਂ-ਪੱਖੀ ਸੋਚ ਬਣਨ ਲੱਗੀ ਹੈ, ਉਨ੍ਹਾਂ ਨੂੰ ਯੋਗ ਆਸਣ ਨਾਲ ਪੁਰਾਣੀਆਂ ਬਿਮਾਰੀਆਂ ਨੂੰ ਮਾਤ ਦੇਣ ਦੀ ਇਹ ਪ੍ਰਣਾਲੀ ਹੁਣ ਆਪਣੇ ਵੱਲ ਖਿੱਚ ਰਹੀ ਹੈ।