ਸਰਸ ਮੇਲੇ ਤੇ ‘ਸਟਾਰ ਨਾਈਟ’ ਦਾ ਹਜ਼ਾਰਾਂ ਦਰਸ਼ਕਾਂ ਨੇ ਆਨੰਦ ਮਾਣਿਆ, ਗਾਇਕ ਕੁਲਵਿੰਦਰ ਬਿੱਲਾ ਨੇ ਕੀਤਾ ਮਨੋਰੰਜਨ

ਸੰਗਰੂਰ : ਖੇਤਰੀ ਸਰਸ ਮੇਲੇ ਦੇ ਪਹਿਲੇ ਹੀ ਦਿਨ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ‘ਸਟਾਰ ਨਾਈਟ’ ਦਾ ਹਜ਼ਾਰਾਂ ਦਰਸ਼ਕਾਂ ਨੇ ਉਤਸ਼ਾਹ ਨਾਲ ਆਨੰਦ ਮਾਣਿਆ। ਪ੍ਰਸਿੱਧ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਗੀਤਾਂ ਨਾਲ ਲਗਭਗ ਦੋ ਘੰਟੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਉਸਦੇ ਚਰਚਿਤ ਗੀਤਾਂ ‘ਟਿੱਚ ਬਟਨਾਂ ਦੀ ਜੋੜੀ’, ‘ਰੱਖ ਹੌਂਸਲਾ ਵੇ ਜੱਟਾ’ ਅਤੇ ‘ਸੁੱਚਾ ਸੂਰਮਾ’ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਵਾਰ ਵਾਰ ਇਨਾਂ ਗੀਤਾਂ ਨੂੰ ਗਾਉਣ ਦੀ ਮੰਗ ਆਉਣ ’ਤੇ ਉਸ ਨੇ ਵੀ ਸੰਗੀਤ ਪ੍ਰੇਮੀਆਂ ਦਾ ਮਾਣ ਰੱਖਿਆ ਤੇ ਖੂਬ ਮਨਪ੍ਰਚਾਵਾ ਕੀਤਾ। ਪਹਿਲੇ ਹੀ ਸ਼ੋਅ ਨੇ ਲੋਕਾਂ ਦੀ ਭਰਵੀਂ ਹਾਜ਼ਰੀ ਨਾਲ ਕਾਮਯਾਬੀ ਦੀ ਇਬਾਰਤ ਲਿਖ ਦਿੱਤੀ ਹੈ ਅਤੇ ਆਉਣ ਵਾਲੇ ਸ਼ੋਅ ਦੌਰਾਨ ਦਰਸ਼ਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਕੁਲਵਿੰਦਰ ਬਿੱਲਾ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਦਰਸ਼ਕਾਂ ਵਿੱਚ ਲਗਾਤਾਰ ਜੋਸ਼ ਭਰਿਆ ਜਿਸ ਕਾਰਨ ਸਟੇਜ ਦੇ ਸਾਹਮਣੇ ਸਥਾਪਤ ਕੀਤੇ ਗਏ ਬਲਾਕ ਅਤੇ ਖੁੱਲੀ ਜਗਾ ਹਜ਼ਾਰਾਂ ਦਰਸ਼ਕਾਂ ਨਾਲ ਭਰ ਗਈ। ਸਟਾਰ ਨਾਈਟ ਵਿੱਚ ਪੁੱਜੇ ਹਜ਼ਾਰਾਂ ਦਰਸ਼ਕਾਂ ਤੋਂ ਪ੍ਰਭਾਵਿਤ ਗਾਇਕ ਕੁਲਵਿੰਦਰ ਬਿੱਲਾ ਨੇ ਸਟੇਜ ਤੋਂ ਉਤਰ ਕੇ ਮੇਲੇ ਦਾ ਆਨੰਦ ਮਾਨਣ ਲਈ ਪੁੱਜੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ, ਏ.ਡੀ.ਸੀ ਵਰਜੀਤ ਵਾਲੀਆ, ਏ.ਡੀ.ਸੀ ਅਨਮੋਲ ਸਿੰਘ ਧਾਲੀਵਾਲ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਭੰਗੜਾ ਪਾਇਆ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਖੇਤਰੀ ਸਰਸ ਮੇਲੇ ਦੇ ਸ਼ਾਨਦਾਰ ਆਯੋਜਨ ਲਈ ਮੁਬਾਰਕਬਾਦ ਦਿੱਤੀ। ਬੀਤੇ ਦਿਨੀਂ ਇਸ ਮੇਲੇ ਦਾ ਆਗਾਜ਼ ਹੋਣ ਤੋਂ ਬਾਅਦ ਲੋਕਾਂ ਨੇ ਦਿਨ ਤੋਂ ਲੈ ਕੇ ਦੇਰ ਰਾਤ ਤੱਕ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਤੇ ਦਸਤਕਾਰਾਂ ਵੱਲੋਂ ਲਗਾਈਆਂ ਗਈਆਂ ਸਟਾਲਾਂ ’ਤੇ ਖੂਬ ਖਰੀਦਦਾਰੀ ਕੀਤੀ। ਇਸ ਤੋਂ ਇਲਾਵਾ ਸੂਬਾਈ ਪਕਵਾਨਾਂ ਦਾ ਲੁਤਫ਼ ਵੀ ਲੋਕਾਂ ਨੇ ਪਰਿਵਾਰਾਂ ਸਮੇਤ ਉਠਾਇਆ। ਦੱਸਣਯੋਗ ਹੈ ਕਿ ਸਰਕਾਰੀ ਰਣਬੀਰ ਕਾਲਜ ਦੇ ਖੇਡ ਗਰਾਊਂਡ ਵਿਖੇ ਲੱਗਿਆ ਇਹ ਖੇਤਰੀ ਸਰਸ ਮੇਲਾ 17 ਅਕਤੂਬਰ ਤੱਕ ਜਾਰੀ ਰਹੇਗਾ ਅਤੇ 16 ਅਕਤੂਬਰ ਤੱਕ ਰੋਜ਼ਾਨਾ ‘ਸਟਾਰ ਨਾਈਟ’ ਦਾ ਆਯੋਜਨ ਕੀਤਾ ਜਾਵੇਗਾ ਜਿਸ ਤਹਿਤ 10 ਅਕਤੂਬਰ ਨੂੰ ਹਰਜੀਤ ਹਰਮਨ, 11 ਅਕਤੂਬਰ ਨੂੰ ਹਰਭਜਨ ਸ਼ੇਰਾ, 12 ਅਕਤੂਬਰ ਨੂੰ ਸੁਨੰਦਾ ਸ਼ਰਮਾ, 13 ਅਕਤੂਬਰ ਨੂੰ ਜਸਵਿੰਦਰ ਬਰਾੜ, 14 ਅਕਤੂਬਰ ਨੂੰ ਅਰਮਾਨ ਢਿੱਲੋਂ, ਪ੍ਰਭ ਬੈਂਸ, ਜਸ਼ਨ ਇੰਦਰ, ਸੋਫ਼ੀਆ ਇੰਦਰ ਤੇ ਜੱਸੀ ਧਾਲੀਵਾਲ, 15 ਅਕਤੂਬਰ ਨੂੰ ਰਣਜੀਤ ਬਾਵਾ ਅਤੇ 16 ਅਕਤੂਬਰ ਨੂੰ ਸਤਿੰਦਰ ਸਰਤਾਜ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ।