
- ਬੱਚਿਆਂ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਵਿਧਾਇਕ ਸਹਿਬਾਨਾਂ ਵੱਲੋਂ ਪੀ.ਟੀ.ਐਮ. 'ਚ ਸ਼ਿਰਕਤ
ਲੁਧਿਆਣਾ, 29 ਮਾਰਚ 2025 : ਪੰਜਾਬ ਸਰਕਾਰ ਵੱਲੋਂ ਸਿੱਖਿਆ ਸੁਧਾਰ ਤਹਿਤ ਜ਼ਿਲ੍ਹੇ ਦੇ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਦੇ ਸਰਕਾਰੀ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਦਾ ਆਯੋਜਨ ਕੀਤਾ ਗਿਆ ਜਿੱਥੇ ਬੱਚਿਆਂ ਨੂੰ ਪੜਾਈ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਵੱਖ-ਵੱਖ ਵਿਧਾਇਕ ਸਹਿਬਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਮੈਗਾ ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ। ਪੀ.ਟੀ.ਐਮ. ਦੌਰਾਨ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਸਰਕਾਰੀ ਸੀ.ਸੈ. ਸਕੂਲ, ਕੁੰਦਨਪੁਰੀ ਅਤੇ ਮਲਟੀਪਰਪਜ ਸਕੂਲ, ਲੱਕੜ ਬਾਜ਼ਾਰ ਵਿਖੇ ਸ਼ਮੂਲੀਅਤ ਕੀਤੀ ਜਦਕਿ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਸਰਕਾਰੀ ਸੀ.ਸੈ. ਸਕੂਲ, ਗਿਆਸਪੁਰਾ, ਡਾਬਾ, ਲੋਹਾਰਾ, ਸ਼ੇਰਪੁਰ, ਢੰਡਾਰੀ, ਕੰਗਣਵਾਲ ਅਤੇ ਇਸ਼ਰ ਨਗਰ, ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਸ ਸ ਸ ਸ ਮਾਡਲ ਟਾਊਨ, ਹਲਕਾ ਪਾਇਲ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸ ਸ ਸ ਸ ਧਮੋਟ ਕਲਾਂ ਅਤੇ ਮਾਂਗੇਵਾਲ, ਹਲਕਾ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵੱਲੋਂ ਸਰਕਾਰੀ ਹਾਈ ਸਕੂਲ, ਮਲਕ, ਸ ਸ ਸ ਸ (ਲੜਕੇ) ਅਤੇ ਸ ਸ ਸ ਸ (ਲੜਕੀਆਂ) ਜਗਰਾਉਂ ਵਿਖੇ ਸ਼ਿਰਕਤ ਕੀਤੀ ਗਈ। ਵਿਧਾਇਕ ਸਹਿਬਾਨਾਂ ਵੱਲੋਂ ਸਾਂਝੇ ਤੌਰ 'ਤੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿਸ਼ੇਸ਼ ਪਹਿਲਕਦਮੀ ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ਼ ਵਧੇਗਾ। ਉਨ੍ਹਾਂ ਦੱਸਿਆ ਕਿ ਮੈਗਾ ਮਾਪੇ-ਅਧਿਆਪਕ ਮਿਲਣੀ ਦੌਰਾਨ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਹੁਣ ਬੱਚੇ ਸਵੈ-ਇੱਛਾ ਨਾਲ ਸਕੂਲ ਆਉਣ ਲਈ ਤੱਤਪਰ ਹਨ ਜਦਕਿ ਪਹਿਲਾਂ ਬੱਚਿਆਂ ਵੱਲੋਂ ਟਾਲ-ਮਟੌਲ ਵਾਲਾ ਰਵੱਈਆ ਅਪਣਾਇਆ ਜਾਂਦਾ ਸੀ, ਇੱਥੋਂ ਇਹ ਸਪੱਸ਼ਟ ਹੁੰਦਾ ਹੈ ਕਿ ਬੱਚੇ ਪ੍ਰਾਈਵੇਟ ਸਕੂਲਾਂ ਵਾਂਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੀ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਸਕੂਲਾਂ ਦੀ ਕਾਇਆ-ਕਲਪ ਕਰਨ ਲਈ ਕਲਾਸਰੂਮਾਂ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ, ਇਨ੍ਹਾਂ ਕਲਾਸਰੂਮਾਂ ਵਿੱਚ ਨਵੀਂ ਤਰ੍ਹਾਂ ਦਾ ਫਰਨੀਚਰ ਦਿੱਤਾ ਜਾ ਰਿਹਾ ਹੈ ਤਾਂ ਕਿ ਅਧਿਆਪਕ ਹਰੇਕ ਵਿਦਿਆਰਥੀ ਦੀ ਕਾਰਗੁਜ਼ਾਰੀ ਨੂੰ ਧਿਆਨ ਨਾਲ ਦੇਖ ਸਕੇ। ਸੂਬਾ ਸਰਕਾਰ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਵਿਆਪਕ ਪੱਧਰ ਉਤੇ ਸੁਧਾਰਨ ਉਤੇ ਸਭ ਤੋਂ ਵੱਧ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਦੇ ਜਥਿਆਂ ਨੂੰ ਦੇਸ਼ ਤੇ ਵਿਦੇਸ਼ਾਂ ਦੀਆਂ ਪ੍ਰਸਿੱਧ ਸਿੱਖਿਆ ਸੰਸਥਾਵਾਂ ਵਿੱਚ ਸਿਖਲਾਈ ਲਈ ਭੇਜ ਰਹੀ ਹੈ ਤਾਂ ਕਿ ਉਹ ਅਧਿਆਪਨ ਦੀਆਂ ਆਧੁਨਿਕ ਤਕਨੀਕਾਂ ਸਿੱਖ ਸਕਣ। ਉਨ੍ਹਾਂ ਦੱਸਿਆ ਕਿ ਇਸ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਸਿੱਖਿਆ ਖ਼ੇਤਰ ਵਿੱਚ ਵਿਸ਼ਵ ਭਰ ਵਿੱਚ ਚੱਲ ਰਹੀਆਂ ਆਧੁਨਿਕ ਕਵਾਇਦਾਂ ਬਾਰੇ ਅਧਿਆਪਕ ਜਾਣੂੰ ਹੋ ਸਕਣ। ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਰਾਹੀਂ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਖ ਦਾਖਲ ਕਰਵਾ ਕੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਲਿਆਂਦੀ ਕ੍ਰਾਂਤੀ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕਾਨਵੈਂਟ ਦੇ ਪੜ੍ਹੇ ਆਪਣੇ ਹਾਣੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋਣਗੇ। ਵਿਧਾਇਕ ਸਹਿਬਾਨਾਂ ਵੱਲੋਂ ਆਸ ਪ੍ਰਗਟਾਈ ਗਈ ਕਿ ਇਸ ਪਹਿਲਕਦਮੀ ਨਾਲ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿੱਖਿਆ, ਸਾਫ-ਸੁਥਰੀ, ਪ੍ਰਭਾਵਸ਼ਾਲੀ, ਜੁਆਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।