ਜੋਧਪੁਰ ਵਿਖੇ ਬਣੇਗਾ 65 ਲੱਖ ਰੁਪਏ ਦੀ ਲਾਗਤ ਵਾਲਾ ਸਟੇਡੀਅਮ: ਮੀਤ ਹੇਅਰ

  • ਖੇਡ ਵਿਭਾਗ ਦੀ ਪ੍ਰਵਾਨਗੀ ਤੋਂ ਬਾਅਦ ਟੈਂਡਰ ਪ੍ਰਕਿਰਿਆ ਸ਼ੁਰੂ

ਬਰਨਾਲਾ, 22 ਫਰਵਰੀ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਦੱਸਿਆ ਕਿ ਬਰਨਾਲਾ ਹਲਕੇ ਦੇ ਪਿੰਡ ਜੋਧਪੁਰ ਵਿਖੇ 65 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਇਆ ਜਾਵੇਗਾ। ਇਸ ਸਟੇਡੀਅਮ ਦੀ ਖੇਡ ਵਿਭਾਗ ਨੇ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਇਸ ਨੂੰ ਬਣਾਉਣ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਖੇਡ ਵਿਭਾਗ ਨੂੰ ਸੂਬੇ ਵਿੱਚ ਖੇਡਾਂ ਪੱਖੀ ਸਾਜਗਾਰ ਅਤੇ ਖਿਡਾਰੀਆਂ ਲਈ ਢੁੱਕਵਾਂ ਮਾਹੌਲ ਸਿਰਜਣ ਲਈ ਦਿੱਤੇ ਜਾ ਰਹੇ ਨਿਰਦੇਸ਼ਾਂ ਤਹਿਤ ਨਵੀਂ ਖੇਡ ਨੀਤੀ ਬਣਾਈ ਗਈ ਹੈ। ਜ਼ਮੀਨੀ ਪੱਧਰ ਉਤੇ ਪਿੰਡਾਂ ਵਿੱਚੋਂ ਪ੍ਰਤਿਭਾ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਅੱਗੇ ਮੌਕੇ ਦੇਣ ਲਈ ਖੇਡ ਨਰਸਰੀਆਂ ਤੇ ਖੇਡ ਸਟੇਡੀਅਮ ਵੀ ਬਣਾਏ ਜਾ ਰਹੇ ਹਨ। ਖੇਡ ਮੰਤਰੀ ਮੀਤ ਹੇਅਰ ਜੋ ਬਰਨਾਲਾ ਹਲਕੇ ਤੋਂ ਵਿਧਾਇਕ ਵੀ ਹਨ, ਨੇ ਦੱਸਿਆ ਕਿ ਜੋਧਪੁਰ ਵਿਖੇ ਮਲਟੀਪਰਪਜ਼ ਖੇਡ ਸਟੇਡੀਅਮ ਬਣੇਗਾ ਜਿਸ ਨਾਲ ਇੱਥੋਂ ਦੇ ਨੌਜਵਾਨਾਂ ਨੂੰ ਆਪਣੇ ਪਿੰਡ ਵਿੱਚ ਹੀ ਖੇਡਾਂ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਦੀ ਊਰਜਾ ਖੇਡਾਂ ਵਾਲੇ ਪਾਸੇ ਲਗਾਉਣ ਲਈ ਸਰਕਾਰ ਨਿਰੰਤਰ ਯਤਨ ਕਰ ਰਹੀ ਹੈ।