ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼਼ ਸਨਮਾਨ

ਜਗਰਾਉਂ  (ਰਛਪਾਲ ਸਿੰਘ ਸ਼ੇਰਪੁਰੀ) : ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕਾ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਅੱਜ ਦਫਤਰ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿੱਥੇ ਡਾ. ਅਮਨਜੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਸਮਾਗਮ ਵਿੱਚ ਉਚੇਚੇ ਤੌਰ 'ਤੇ ਪਹੁੰਚ ਕੇ ਮਾਨਯੋਗ ਵਿਧਾਇਕਾ ਵੱਲੋਂ ਵਿਭਾਗ ਦੀ ਹੌਂਸਲਾ ਅਫਜਾਈ ਕੀਤੀ ਗਈ। ਸਮਾਗਮ ਦੌਰਾਨ ਜ਼ਿਲ੍ਹੇ ਵਿੱਚ ਵੱਖ-ਵੱਖ ਬਲਾਕਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਇਹਨਾਂ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵਿਭਾਗ ਵਿੱਚ ਵੱਖ-ਵੱਖ ਕਾਡਰਾਂ 'ਤੇ ਕੰਮ ਕਰ ਰਹੇ ਖੇਤੀਬਾੜੀ ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।  ਵਿਧਾਇਕਾ ਮਾਣੂੰਕੇ ਨੇ ਆਪਣੇ ਸੰਬੋਧਨ ਮੌਕੇ ਕਿਸਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੇ ਸੱਦੇ 'ਤੇ ਵੱਡੇ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਦਿਆਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਵੀਰ ਵੀ ਧਰਤੀ ਦੇ ਹੇਠਲੇ ਪਾਣੀ ਦੇ ਦਿਨੋ-ਦਿਨ ਡਿਗ ਰਹੇ ਪੱਧਰ ਕਾਰਨ ਚਿੰਤਤ ਹਨ। ਵਿਧਾਇਕਾ ਸ੍ਰੀਮਤੀ ਮਾਣੂੰਕੇ ਨੇ ਕਿਹਾ ਕਿ ਇਹ ਕਿਸਾਨ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਸਾਬਿਤ ਹੋਣਗੇ ਅਤੇ ਉਨ੍ਹਾਂ ਸਿੱਧੀ ਬਿਜਾਈ ਕਰਕੇ ਪਾਣੀ ਦੇ ਅਣਮੁੱਲੇ ਸਰੋਤ ਨੂੰ ਬਚਾਉਣ ਵਿੱਚ ਯੋਗਦਾਨ ਪਾਉਣ ਲਈ ਕਿਸਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਅਨੁਸਾਰ ਖੇਤੀ ਨੂੰ ਉੱਤਮ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਚਨਬੱਧ ਹੈ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਸਨਮਾਨਿਤ ਕੀਤੇ ਕਿਸਾਨਾਂ ਵਿੱਚ ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਹਰਜੀਤ ਸਿੰਘ, ਪਰਮਿੰਦਰ ਸਿੰਘ, ਅਵਤਾਰ ਸਿੰਘ, ਗੁਰਮੇਲ ਸਿੰਘ ਅਤੇ ਸਵਰਨ ਸਿੰਘ ਸਨ। ਸਮਾਗਮ ਦੌਰਾਨ ਡਾ਼ ਜਗਦੇਵ ਸਿੰਘ (ਐਗਰੋਨੋਮਿਸਟ), ਡਾ਼ ਗੁਰਿੰਦਰਪਾਲ ਕੌਰ, ਜਿਲ੍ਹਾ ਖੇਤੀ ਸੂਚਨਾ ਅਫਸਰ, ਡਾ਼ ਰੁਪਿੰਦਰ ਕੌਰ, ਸਹਾਇਕ ਤੇਲ ਬੀਜ ਪ੍ਰਸਾਰ ਅਫਸਰ, ਡਾ਼ ਸੁਖਵਿੰਦਰ ਕੌਰ ਗਰੇਵਾਲ, ਸਹਾਇਕ ਗੰਨਾ ਵਿਕਾਸ ਅਫਸਰ, ਡਾ਼ ਰਜਿੰਦਰਪਾਲ ਸਿੰਘ ਔਲਖ, ਡਾ਼ ਜਸਵਿੰਦਰ ਸਿੰਘ, ਖੇਤੀਬਾੜੀ ਅਫਸਰ, ਮਾਂਗਟ, ਡਾ਼ ਨਿਰਮਲ ਸਿੰਘ, ਖੇਤੀਬਾੜੀ ਅਫਸਰ, ਡੇਹਲੋਂ, ਡਾ਼ ਪ੍ਰਕਾਸ਼ ਸਿੰਘ, ਖੇਤੀਬਾੜੀ ਅਫਸਰ, ਪੱਖੋਵਾਲ, ਡਾ਼ ਗੁਰਦੀਪ ਸਿੰਘ, ਖੇਤੀਬਾੜੀ ਅਫਸਰ, ਜਗਰਾਉਂ, ਡਾ਼ ਗੁਰਮੁੱਖ ਸਿੰਘ, ਖੇਤੀਬਾੜੀ ਅਫਸਰ, ਸਿੱਧਵਾਂ ਬੇਟ, ਡਾ਼ ਗਗਨਦੀਪ ਕੌਰ, ਖੇਤੀਬਾੜੀ ਵਿਕਾਸ ਅਫਸਰ (ਤਕਨੀਕੀ), ਇੰਜ. ਅਮਨਪ੍ਰੀਤ ਸਿੰਘ ਘਈ, ਖੇਤੀਬਾੜੀ ਇੰਜੀਯ, ਪੂਜਨ ਛਾਬੜਾ, ਤਕਨੀਕੀ ਸਹਾਇਕ (ਅੰਕੜਾ) ਵੀ ਮੌਜੂਦ ਸਨ।