- ਪਿੰਡ ਤਾਜੋਕੇ ਖੁਰਦ, ਤਾਜੋਕੇ, ਘੁੰਨਸ, ਮਹਿਤਾ ਵਾਸੀ ਸਰਕਾਰੀ ਸਕੀਮਾਂ ਦਾ ਲਾਹਾ ਲੈਣ ਲਈ ਕੈਂਪ 'ਚ ਪੁੱਜਣ
ਬਰਨਾਲਾ/ ਤਪਾ, 10 ਜੁਲਾਈ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਉਨ੍ਹਾਂ ਦੇ ਘਰਾਂ ਦੇ ਨੇੜੇ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਆਈ ਏ ਐੱਸ ਨੇ ਦੱਸਿਆ ਕਿ ਇਸ ਲੜੀ ਅਧੀਨ "ਸਰਕਾਰ ਤੁਹਾਡੇ ਦੁਆਰ" ਤਹਿਤ ਵਿਸ਼ੇਸ਼ ਕੈਂਪ ਭਲਕੇ 11 ਜੁਲਾਈ ਨੂੰ ਪਿੰਡ ਤਾਜੋਕੇ ਦੀ ਗੁਰੂ ਨਾਨਕ ਧਰਮਸ਼ਾਲਾ (ਬੁਰਜ ਪਾਸਾ) ਵਿੱਚ ਸਵੇਰੇ 9 ਵਜੇ ਤੋਂ ਲਗਾਇਆ ਜਾਵੇਗਾ, ਜਿਸ ਅਧੀਨ ਤਾਜੋਕੇ ਅਤੇ ਤਾਜੋਕੇ ਖੁਰਦ ਤੋਂ ਇਲਾਵਾ ਆਸ-ਪਾਸ ਦੇ ਹੋਰ ਪਿੰਡਾਂ ਘੁੰਨਸ ਅਤੇ ਮਹਿਤਾ ਦੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵੱਖ ਵੱਖ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਭਾਗਾਂ/ ਸ਼ਾਖਾਵਾਂ ਵੱਲੋਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਮੌਕੇ ਉੱਤੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਤੇ ਲੋੜ ਅਨੁਸਾਰ ਸਰਕਾਰੀ ਦਸਤਾਵੇਜ਼ ਵੀ ਤਿਆਰ ਕਰਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਪ੍ਰਾਪਤ ਅਰਜ਼ੀਆਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੱਖ ਵੱਖ ਅਧਿਕਾਰੀਆਂ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਸੇਵਾ ਕੇਂਦਰ ਦੀਆਂ ਸੇਵਾਵਾਂ ਵੀ ਕੈਂਪ ਵਿੱਚ ਦਿੱਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।