ਸਪੀਕਰ ਸੰਧਵਾਂ ਨੇ ਪੰਜਾਬ ਗੱਤਕਾ ਐਸੋਸੀਏਸ਼ਨ ਨੂੰ 2 ਲੱਖ ਦਾ ਚੈਕ ਸੌਂਪਿਆ

ਮੋਹਾਲੀ, 22 ਮਾਰਚ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਤੇ ਦਿਨੀਂ ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿਖੇ ਪੰਜਾਬ ਗੱਤਕਾ ਐਸੋਸੀਏਸ਼ਨ ਨੂੰ 2 ਲੱਖ ਰੁਪਏ ਦਾ ਚੈਕ ਸੌਂਪਿਆ। ਜਿਕਰਯੋਗ ਹੈ ਕਿ ਬੀਤੇ ਸਾਲ ਨਵੰਬਰ ਵਿੱਚ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ 2 ਦਿਨਾਂ 7ਵੀ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਨਿਊ ਚੰਡੀਗੜ੍ਹ ਸਥਿਤ ਰਤਵਾੜਾ ਸਾਹਿਬ ਵਿਖੇ ਕਰਵਾਈ ਗਈ ਸੀ ਜਿਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਸੀ। ਇਸ ਮੌਕੇ ਉਨ੍ਹਾਂ ਐਸੋਸੀਏਸ਼ਨ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਆਪਣੇ ਐਲਾਨ ਤੇ ਖਰੇ ਉਤਰਦੇ ਹੋਏ ਸੰਧਵਾ ਨੇ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਨੂੰ 2 ਲੱਖ ਰੁਪਏ ਦਾ ਚੈਕ ਸੌਂਪਿਆ। ਇਸ ਮੌਕੇ ਸਪੀਕਰ ਕੁਲਤਾਰ ਸੰਧਵਾਂ ਨੇ ਐਸੋਸੀਏਸ਼ਨ ਵਲੋਂ ਗਤਕੇ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਤਕਾ ਸਾਡੇ ਗੁਰੂ ਸਾਹਿਬਾਨ ਦੀ ਕੀਮਤੀ ਦੇਣ ਹੈ। ਇਹ ਨਾ ਸਿਰਫ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਬਾਣੀ ਨਾਲ ਜੋੜਨ ਵਿੱਚ ਵੀ ਸਹਾਇਕ ਸਿੱਧ ਹੁੰਦੀ ਬਲਕਿ ਖਿਡਾਰੀਆਂ ਨੂੰ ਅਨੁਸ਼ਾਸਨ ਵਿੱਚ ਰੱਖਣ ਵਿੱਚ ਵੀ ਸਹਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਗਤਕਾ ਐਸੋਸੀਏਸ਼ਨ ਦੀ ਯੋਗ ਰਹਿਨੁਮਾਈ ਹੇਠ ਗਤਕਾ ਖੇਡਣ ਵਾਲੇ ਬੱਚਿਆਂ ਦਾ ਭਵਿੱਖ ਵੀ ਸੁਰੱਖਿਅਤ ਹੱਥਾਂ ਵਿੱਚ ਹੈ। ਇਸ ਮੌਕੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਵਿਧਾਨਸਭਾ ਸਪੀਕਰ ਕੁਲਤਾਰ ਸੰਧਵਾ ਦਾ ਆਪਣੇ ਵਾਅਦੇ ਤੇ ਪੂਰਾ ਉਤਰਨ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਗਤਕੇ ਨੂੰ ਪ੍ਰਫੁੱਲਤ ਕਰਨ ਅਤੇ ਬੱਚਿਆ ਦੀ ਹੌਸਲਾ ਅਫ਼ਜ਼ਾਈ ਲਈ ਉਨਾਂ ਵਲੋਂ ਦਿੱਤਾ ਗਿਆ ਯੋਗਦਾਨ ਵਡਮੁੱਲਾ ਹੈ। ਉਧਰ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈਪੀਐਸ ਅਤੇ ਜਰਨਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਵੀ ਇਸ ਰਾਸ਼ੀ ਲਈ ਵਿਧਾਨ ਸਭਾ ਸਪੀਕਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਡਾਕਟਰ ਰਜਿੰਦਰ ਸਿੰਘ ਸੋਹਲ ਤੋਂ ਇਲਾਵਾ ਦਵਿੰਦਰ ਸਿੰਘ ਜੁਗਨੀ ਵਾਈਸ ਪ੍ਰਧਾਨ ਪੰਜਾਬ ਗੱਤਕਾ ਐਸੋਸੀਏਸ਼ਨ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।