ਸ਼੍ਰੋਮਣੀ ਕਮੇਟੀ ਵੱਲੋਂ ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ‘ਦਸਤਖਤੀ ਮੁਹਿੰਮ’ ਦਾ ਆਗਾਜ਼

ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ‘ਦਸਤਖਤੀ ਮੁਹਿੰਮ’ ਦੀ ਸ਼ੁਰੂਆਤ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ’ਤੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਅਰਦਾਸ ਉਪਰੰਤ ਕੀਤੀ ਗਈ। ਦਸਤਖਤੀ ਮੁਹਿੰਮ ਦੇ ਆਗਾਜ਼ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਮੇਤ ਸ਼ੋ੍ਰਮਣੀ ਕਮੇਟੀ ਮੈਂਬਰ ਸਾਹਿਬਾਨ ਨੇ ਸ਼ਮੂਲੀਅਤ ਕੀਤੀ। ਦਸਤਖਤੀ ਮੁਹਿੰਮ ਦਾ ਹਿੱਸਾ ਬਣਦਿਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਦਸਤਖਤੀ ਮੁਹਿੰਮ ਵਾਲਾ ਪ੍ਰੋਫਾਰਮਾ ਭਰਦਿਆਂ ਆਵਾਜ਼ ਬੁਲੰਦ ਕੀਤੀ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ। ‘ਦਸਤਖਤੀ ਮੁਹਿੰਮ’ ਦਾ ਪ੍ਰੋਫਾਰਮਾਂ ਭਰਨ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਿਚ ਸੀਨੀਅਰ ਅਕਾਲੀ ਆਗੂ ਕੋਰ ਕਮੇਟੀ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਕੋਰ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਰੱਖੜਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਸਪਾਲ ਸਿੰਘ ਬਿੱਟੂ ਚੱਠਾ ਤੋਂ ਇਲਾਵਾ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਨਿਰਮਲ ਸਿੰਘ ਹਰਿਆਊ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਬਲਤੇਜ ਸਿੰਘ ਖੋਖ ਵੀ ਪੁੱਜੇ ਹੋਏ ਸਨ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਅਤੇ ਸ. ਸੁਰਜੀਤ ਸਿੰਘ ਰੱਖੜਾ ਨੇ ਸਾਂਝੇ ਤੌਰ ’ਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ, ਉਥੇ ਹੀ ਸਰਕਾਰਾਂ ਵੱਲੋਂ ਅਪਣਾਏ ਜਾ ਰਹੇ ਦੋਹਰੇ ਮਾਪਦੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੰਦੀ ਸਿੱਖਾਂ ਨੂੰ ਲੈ ਕੇ ਸਰਕਾਰਾਂ ਦਾ ਕਾਨੂੰਨ ਵੱਖ ਵੱਖ ਨਜ਼ਰ ਆ ਰਿਹਾ ਕਿਉਂਕਿ ਰਾਜੀਵ ਗਾਂਧੀ ਦੇ ਮੁਲਜ਼ਮਾਂ ਸਮੇਤ ਬਿਲਕਸ ਬਾਨੋ ਵਰਗੇ ਮਾਮਲਿਆਂ ਵਿਚ ਰਿਹਾਈ ਹੋ ਚੁੱਕੀ ਹੈ, ਪ੍ਰੰਤੂ ਬੰਦੀ ਸਿੱਖਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਹਨ ਅਤੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੱਖਾਂ ਨੂੰ ਰਿਹਾਅ ਨਾ ਕਰਕੇ ਸਰਕਾਰਾਂ ਮਨੁੱਖੀ ਅਧਿਕਾਰਾਂ ਦਾ ਵੀ ਵੱਡਾ ਘਾਣ ਕਰਨ ’ਤੇ ਲੱਗੀਆਂ ਹਨ। ਇਸ ਉਪਰੰਤ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਸਮੇਤ ਸ਼ੋ੍ਰਮਣੀ ਕਮੇਟੀ ਮੈਂਬਰ ਸਾਹਿਬਾਨ ਨੇ ਕਿਹਾ ਸ਼ੋ੍ਰਮਣੀ ਕਮੇਟੀ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕਾਰਜਸ਼ੀਲ ਹੈ ਅਤੇ ਲਗਾਤਾਰ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਯਤਨਸ਼ੀਲ ਹੈ, ਪ੍ਰੰਤੂ ਏਸ ਵਾਰ ‘ਦਸਤਖਤੀ ਮੁਹਿੰਮ’ ਨਾਲ ਵੱਡਾ ਸੰਘਰਸ਼ ਸ਼ੁਰੂ ਕੀਤਾ ਤਾਂ ਕਿ ਸਰਕਾਰਾਂ ਆਪਣੇ ਵੱਲੋਂ ਲਏ ਫੈਸਲਿਆਂ ਦੀ ਸਮੀਖਿਆ ਕਰ ਸਕਣ ਅਤੇ ਬੰਦੀ ਸਿੱਖਾਂ ਨੂੰ ਜਲਦ ਰਿਹਾਅ ਕੀਤਾ ਜਾਵੇ। ‘ਦਸਤਖਤੀ ਮੁਹਿੰਮ’ ਦੇ ਆਗਾਜ਼ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਐਡੀਸ਼ਨਲ ਮੈਨੇਜਰ ਕਰਨੈਨ ਸਿੰਘ ਵਿਰਕ, ਮੀਤ ਮੈਨੇਜਰ ਗੁਰਮੀਤ ਸਿੰਘ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾਂ, ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਗੁਰਦੀਪ ਸਿੰਘ ਸ਼ੇਖੂਪੁਰਾ, ਸੁਖਬੀਰ ਸਿੰਘ ਅਬਲੋਵਾਲ, ਜੋਗਿੰਦਰ ਸਿੰਘ ਪੰਛੀ, ਜਸਵਿੰਦਰਪਾਲ ਸਿੰਘ ਚੱਢਾ, ਅਵਤਾਰ ਸਿੰਘ ਹੈਪੀ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦਾ ਸਟਾਫ ਅਤੇ ਸੰਗਤਾਂ ਆਦਿ ਹਾਜ਼ਰ ਸਨ।