ਵਿਸ਼ਵ ਸਿੱਖ ਵਾਤਾਵਰਨ ਦਿਵਸ ਮੌਕੇ 'ਬੁੱਢਾ ਦਰਿਆ' ਦੇ ਕੰਢੇ ਲਗਾਏ ਬੂਟੇ

ਲੁਧਿਆਣਾ, 14 ਮਾਰਚ : ਵਿਸ਼ਵ ਸਿੱਖ ਵਾਤਾਵਰਨ ਦਿਵਸ ਦੇ ਮੌਕੇ 'ਤੇ ਸੰਸਦ ਮੈਂਬਰ (ਰਾਜ ਸਭਾ) ਸੰਤ ਬਲਬੀਰ ਸਿੰਘ ਸੀਚੇਵਾਲ, ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਅਤੇ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਜੋ 'ਬੁੱਢਾ ਦਰਿਆ' ਦੀ ਸਫ਼ਾਈ ਲਈ ਬਣੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਵੀਰਵਾਰ ਨੂੰ ਜਮਾਲਪੁਰ ਐਸ.ਟੀ.ਪੀ ਸਾਈਟ ਨੇੜੇ 'ਬੁੱਢਾ ਦਰਿਆ' ਦੇ ਕੰਢੇ ਵੱਖ-ਵੱਖ ਕਿਸਮਾਂ ਦੇ 1100 ਬੂਟੇ ਲਗਾਏ। ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਅਰੋੜਾ ਨੇ ਸੰਤ ਸੀਚੇਵਾਲ ਵੱਲੋਂ ‘ਬੁੱਢਾ ਦਰਿਆ’ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਨੇ ਕਰੀਬ 160 ਕਿਲੋਮੀਟਰ ਲੰਬੀ ਕਾਲੀ ਵੇਈਂ ਦੀ ਸਫ਼ਾਈ ਕਰਕੇ ਵਿਸ਼ਵ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇੱਕ ਦਿਨ ਅਜਿਹਾ ਆਵੇਗਾ ਜਦੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ‘ਬੁੱਢਾ ਦਰਿਆ’ ਵੀ ਕਾਲੀ  ਵੇਈਂ ਵਾਂਗ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ। ਇਸ ਤੋਂ ਇਲਾਵਾ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਤ ਸੀਚੇਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਉਹ ਅੱਜ ਸੰਤ ਸੀਚੇਵਾਲ ਵੱਲੋਂ ਮੌਕੇ ’ਤੇ ਲਏ ਗਏ ਪਾਣੀ ਦੇ ਸੈਂਪਲ ਦਾ ਹਵਾਲਾ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਟੋਟਲ ਡਿਸੋਲਵਡ ਸੋਲਿਡ (ਟੀਡੀਐਸ) ਪੱਧਰ ਦੀ ਰੀਡਿੰਗ 158 ਹੈ ਜੋ ਤਸੱਲੀਬਖਸ਼ ਹੈ। ਉਨ੍ਹਾਂ ਆਸ ਪ੍ਰਗਟਾਈ ਕਿ 'ਬੁੱਢਾ ਦਰਿਆ' ਨੂੰ ਸਾਫ਼ ਕਰਨ ਦੇ ਯਤਨ ਭਵਿੱਖ ਵਿੱਚ ਟੀਡੀਐਸ ਪੱਧਰ ਨੂੰ ਹੋਰ ਵੀ ਘੱਟ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸੂਬੇ ਭਰ ਦੀਆਂ ਵਾਟਰ ਬਾਡੀਜ਼ ਦੀ ਸਫਾਈ ਲਈ ਵਚਨਬੱਧ ਹਨ। ਅਰੋੜਾ ਨੇ ਸੰਤ ਸੀਚੇਵਾਲ ਵੱਲੋਂ 'ਬੁੱਢਾ ਦਰਿਆ' ਦੇ ਕੰਢੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਲਈ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਥਾਨਕ ਨਿਵਾਸੀ ਵੀ ਆਪਣਾ ਸਹਿਯੋਗ ਦੇਣ ਲਈ ਅੱਗੇ ਆਏ ਹਨ।  ਉਨ੍ਹਾਂ ਕਿਹਾ ਕਿ ਸਥਾਨਕ ਨਿਵਾਸੀਆਂ ਨੇ ਸੰਤ ਸੀਚੇਵਾਲ ਨਾਲ ਵਾਅਦਾ ਕੀਤਾ ਹੈ ਕਿ ਉਹ ਇੱਕ ਸਾਲ ਵਿੱਚ 'ਬੁੱਢਾ ਦਰਿਆ' ਦੇ ਨਾਲ 1.25 ਲੱਖ ਬੂਟੇ ਲਗਾਉਣਗੇ। ਉਨ੍ਹਾਂ ਕਿਹਾ ਕਿ ਉਹ ਸੰਤ ਸੀਚੇਵਾਲ ਦੇ ਇਸ ਨੇਕ ਅਤੇ ਲੋਕ ਭਲਾਈ ਦੇ ਕੰਮ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਹਨ। ਉਨ੍ਹਾਂ ਵਾਤਾਵਰਨ ਅਤੇ ਮਨੁੱਖੀ ਸਿਹਤ ਨੂੰ ਬਚਾਉਣ ਲਈ ਰੁੱਖਾਂ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਦੱਸਿਆ। ਇੱਕ ਸਵਾਲ ਦੇ ਜਵਾਬ ਵਿੱਚ ਅਰੋੜਾ ਨੇ ਕਿਹਾ ਕਿ ਸ਼ਹਿਰ ਵਿੱਚ ਉਦਯੋਗਿਕ ਇਕਾਈਆਂ ਨੂੰ ਜ਼ੈੱਡ.ਐਲ.ਡੀ (ਜ਼ੀਰੋ ਲਿਕਵਿਡ ਡਿਸਚਾਰਜ) ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਜੇ.ਐਲ.ਡੀ. ਤਾਂ ਹੀ ਸੰਭਵ ਹੈ ਜੇਕਰ ਸ਼ਹਿਰ ਵਿੱਚ ਇੱਕ ਜਾਂ ਦੋ ਉਦਯੋਗਿਕ ਪਾਰਕ ਹੋਣ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਇਹ ਮਾਮਲਾ ਸੂਬਾ ਸਰਕਾਰ ਕੋਲ ਉਠਾ ਚੁੱਕੇ ਹਨ ਅਤੇ ਆਸ ਹੈ ਕਿ ਭਵਿੱਖ ਵਿੱਚ ਕੁਝ ਠੋਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਵਾਰ ਪਾਰਕ ਦੀ ਸਥਾਪਨਾ ਹੋਣ ਤੋਂ ਬਾਅਦ ਇਹ ਜਿੰਮੇਵਾਰੀ ਉਦਯੋਗਿਕ ਪਾਰਕਾਂ ਦੀ ਹੋਵੇਗੀ ਕਿ ਉਹ ਜ਼ੈੱਡ.ਐਲ.ਡੀ.ਨੂੰ ਯਕੀਨੀ ਬਣਾਉਣ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਕਿਸੇ ਵੀ ਉਦਯੋਗ ਦੇ ਵਿਰੁੱਧ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਸਿਰਫ ਇਹੀ ਚਾਹੁੰਦੇ ਹਨ ਕਿ ਉਦਯੋਗਿਕ ਪ੍ਰਦੂਸ਼ਣ ਨਾਲ ਪਾਣੀ ਦੇ ਸੋਮਿਆਂ ਅਤੇ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ 'ਬੁੱਢਾ ਦਰਿਆ' ਨੂੰ ਉਦੋਂ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਜਾਵੇਗਾ ਜਦੋਂ ਇਸ ਦੇ ਬੈੱਡ ਤੋਂ ਗਾਦ ਪੂਰੀ ਤਰ੍ਹਾਂ ਹਟਾ ਦਿੱਤੀ ਜਾਵੇਗੀ ਅਤੇ ਇਸ ਵਾਟਰ ਬਾਡੀ ਵਿੱਚ ਜ਼ੀਰੋ ਲਿਕੁਈਡ ਡਿਸਚਾਰਜ ਦਾ ਨਿਕਾਸ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ 'ਬੁੱਢਾ ਦਰਿਆ' ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਲਈ ਵਚਨਬੱਧ ਹਨ। ਉਨ੍ਹਾਂ ਨੇ ਅਰੋੜਾ ਅਤੇ ਸਥਾਨਕ ਵਿਧਾਇਕਾਂ ਦਾ ਇਸ ਮੁੱਦੇ 'ਤੇ ਪੂਰਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਝ ਉਦਯੋਗਪਤੀ ਅਤੇ ਨਗਰ ਨਿਗਮ ਲੁਧਿਆਣਾ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਵੀ ਹਾਜ਼ਰ ਸਨ।