ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਪੰਜਾਬ ਸਰਕਾਰ ਦੇ ਕੋਚਿੰਗ ਸੈਂਟਰਾਂ ਦੀ ਭੂਮਿਕਾ ਅਹਿਮ

  • ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ 20 ਕੋਚਿੰਗ ਸੈਂਟਰ ਕਾਰਜਸ਼ੀਲ 
  • ਖਿਡਾਰੀਆਂ ਨੂੰ ਦਿੱਤੀ ਜਾਂਦੀ ਹੈ ਮੁਫਤ ਕੋਚਿੰਗ, ਸਾਜੋ ਸਮਾਨ ਤੇ ਖੁਰਾਕ 
  • ਸੈਂਟਰਾਂ ਵਿੱਚ ਚਲਦੀ ਸੀ.ਐਮ.ਦੀ ਯੋਗਸ਼ਾਲਾ ਵਿੱਚ ਵੀ ਹਿੱਸਾ ਲੈਂਦੇ ਹਨ ਨੌਜਵਾਨ 
  • ਖੇਡ ਸੈਂਟਰਾਂ ਵਿੱਚ ਹਜਾਰ ਤੋਂ ਵੱਧ ਖਿਡਾਰੀ ਕਰਦੇ ਨੇ ਪ੍ਰੈਕਟਿਸ 

ਫਤਹਿਗੜ੍ਹ ਸਾਹਿਬ, 25 ਜੁਲਾਈ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ  ਖੇਡਾਂ ਨਾਲ ਜੋੜਨ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ ਜਿਸ ਤਹਿਤ ਖੇਡਾਂ ਵਤਨ  ਪੰਜਾਬ ਦੀਆਂ ਵਰਗਾ ਅਹਿਮ ਉਪਰਾਲਾ ਕੀਤਾ ਗਿਆ ਹੈ। ਉੱਥੇ ਜ਼ਿਲਿਆਂ ਵਿੱਚ ਚਲਦੇ  ਖੇਡ ਕੋਚਿੰਗ ਸੈਂਟਰ ਵੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ 20 ਕੋਚਿੰਗ ਸੈਂਟਰ ਕਾਰਜ਼ਸੀਲ ਹਨ, ਜਿਨ੍ਹਾਂ ਵਿੱਚ ਰੋਜਾਨਾ ਇੱਕ ਹਜਾਰ ਤੋਂ ਵੱਧ ਨੌਜਵਾਨ ਖੇਡ ਪ੍ਰੈਕਟਿਸ ਕਰਦੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ੍ਰੀਮਤੀ ਗੁਰਦੀਪ ਕੌਰ ਅਤੇ ਸੀਨੀਅਰ ਬਾਸਕਟਬਾਲ ਕੋਚ ਸ੍ਰੀ ਰਾਹੁਲਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੇ 20 ਕੋਚਿੰਗ ਸੈਂਟਰਾਂ ਵਿੱਚ  ਖੇਡ ਸਟੇਡੀਅਮ ਸਰਹਿੰਦ(ਅਥਲੈਟਿਕਸ), ਬਾਬਾ ਬੰਦਾ ਸਿੰਘ ਬਹਾਦਰ ਇੰਜੀਨਅਰਿੰਗ ਕਾਲਜ ਵਿਖੇ ਖੇਡ ਵਿਭਾਗ ਪੰਜਾਬ ਦੇ ਗਰਾਊਂਡ(ਬਾਸਕਟਬਾਲ,ਜਿਮਨਾਸਟਿਕਸ, ਕਬੱਡੀ ਅਤੇ ਬੈਡਮਿੰਟਨ), ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸਕੂਲ (ਜਿਮਨਾਸਟਿਕਸ,ਕੁਸਤੀ), ਖਮਾਣੋਂ(ਅਥਲੈਟਿਕਸ,ਤਲਵਾਰਬਾਜੀ), ਸਿੱਧੂਪੁਰ (ਤਲਵਾਰਬਾਜੀ), ਮੂਲੇਪੁਰ (ਬਾਸਕਟਬਾਲ,ਹੈਂਡਬਾਲ), ਪੰਜੋਲੀ ਕਲਾਂ(ਹੈਂਡਬਾਲ), ਨਰਾਇਣਗੜ੍ਹ ਅਮਲੋਹ (ਹਾਕੀ), ਆਈ.ਟੀ.ਆਈ.ਬਸੀ ਪਠਾਣਾ(ਹਾਕੀ,ਫੁੱਟਬਾਲ), ਫਰੋਜਪੁਰ (ਕੁਸਤੀ), ਬਾਲਪੁਰ (ਖੋ-ਖੋ), ਸਮਸ਼ਪੁਰ ਅਮਲੋਹ(ਵਾਲੀਵਾਲ), ਕੋਟਲਾ ਬਜਵਾੜਾ (ਕਬੱਡੀ) ਖੇਡ ਸੈਂਟਰ ਸ਼ਾਮਲ ਹਨ।  ਸ੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸੈਂਟਰਾਂ ਵਿੱਚ ਇੱਕ ਹਜ਼ਾਰ ਤੋਂ ਵੱਧ ਖਿਡਾਰੀ ਪ੍ਰੈਕਟਿਸ ਕਰਦੇ ਹਨ। ਇਸੇ ਤਹਿਤ ਸਰਹਿੰਦ-ਫਤਹਿਗੜ੍ਹ ਸਾਹਿਬ ਵਿਖੇ ਕਾਰਜਸ਼ੀਲ ਸੈਂਟਰਾਂ ਵਿੱਚ ਅਥਲੈਟਿਕਸ ਦੇ 50, ਬਾਸਕਟ ਬਾਲ ਦੇ 60, ਜਿਮਨਾਸਟਿਕਸ ਦੇ 25, ਕਬੱਡੀ ਦੇ 80, ਕੁਸ਼ਤੀ ਦੇ 30 ਅਤੇ ਬੈਡਮਿੰਟਨ ਦੇ ਖਿਡਾਰੀ ਪ੍ਰੈਕਟਿਸ ਕਰਦੇ ਹਨ।  ਸੈਂਟਰਾਂ ਵਿੱਚ ਆਉਣ ਵਾਲੇ ਖਿਡਾਰੀਆਂ ਨੂੰ ਟ੍ਰੇਨਿੰਗ, ਖੇਡਾਂ ਦਾ ਸਾਜੋ ਸਮਾਨ ਅਤੇ ਖੁਰਾਕ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ। ਇਸਦੇ ਨਾਲ ਨਾਲ ਇਨ੍ਹਾਂ ਸੈਂਟਰਾਂ ਵਿੱਚ ਸੀ.ਐਮ.ਦੀ.ਯੋਗਸ਼ਾਲਾ ਤਹਿਤ ਯੋਗਾ ਕਲਾਸਾਂ ਵੀ ਲਾਈਆ ਜਾਂਦੀਆਂ ਹਨ, ਜ਼ਿਨ੍ਹਾਂ ਵਿੱਚ ਖਿਡਾਰੀ ਅਤੇ ਉਨ੍ਹਾਂ  ਦੇ ਮਾਪੇ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਨ੍ਹਾਂ ਸੈਂਟਰਾਂ ਸਦਕਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਖਿਡਾਰੀਆਂ ਨੇ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇਸਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਹੁਣ ਤੱਕ 02 ਵਾਰ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ ਹਨ। ਇਸ ਸਾਲ ਹੋਣ ਵਾਲੀਆਂ ਆਗਾਮੀ ਖੇਡਾਂ ਵਤਨ ਪੰਜਾਬ ਦੀਆਂ ਲਈ ਵੀ ਜ਼ਿਲ੍ਹੇ ਦੇ ਖੇਡ ਸੈਂਟਰਾਂ ਵਿੱਚ ਤਿਆਰੀਆਂ ਜੋਰ ਸੋਰ ਨਾਲ ਚੱਲ ਰਹੀਆਂ ਹਨ। ਸੀਨੀਅਰ ਬਾਸਕਟਬਾਲ ਕੌਚ ਸ੍ਰੀ ਰਾਹੁਲਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਅਤੇ ਪੰਜਾਬ ਸਰਕਾਰ ਦੀਆਂ ਖੇਡਾਂ ਸਬੰਧੀ ਸਕੀਮਾਂ ਅਤੇ ਸਹੂਲਤਾਂ ਦਾ ਲਾਹਾ ਲੈਣ। ਇਸ ਨਾਲ ਨੌਜਵਾਨ ਪੀੜੀ ਜਿੱਥੇ ਨਸ਼ਿਆਂ ਤੋਂ ਬਚੀ ਰਹੇਗੀ ਉੱਥੇ ਆਪਣਾ ਅਤੇ ਦੇਸ਼ ਦਾ ਨਾਮ ਵੀ ਰੋਸ਼ਨ ਕਰੇਗੀ।