
ਜੋਧਪੁਰ 6 ਮਾਰਚ-(ਭੁਪਿੰਦਰ ਸਿੰਘ ਧਨੇਰ) 2025 : ਜੋਧਪੁਰ ਵਿਖੇ ਇਨਕਲਾਬੀ ਕੇਂਦਰ ਪੰਜਾਬ, ਜਿਲ੍ਹਾ ਬਰਨਾਲਾ ਦੀ ਅਗਵਾਈ ਵਿੱਚ ਅਜੋਕੇ ਦੌਰ 'ਚ 8 ਮਾਰਚ ਕੌਮਾਂਤਰੀ ਔਰਤ ਦਿਵਸ ਦੀ ਮਹੱਤਤਾ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਰਾਹੀਂ ਔਰਤ ਦਿਵਸ ਨੂੰ ਸੰਘਰਸ਼ਾਂ ਨਾਲ ਜੋੜ ਕੇ ਮਨਾਉਣ ਬਾਰੇ ਸੁਨੇਹਾ ਦਿੱਤਾ ਗਿਆ। ਇਨਕਲਾਬੀ ਕੇਂਦਰ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਡਾਕਟਰ ਰਜਿੰਦਰਪਾਲ ਦੀ ਅਗਵਾਈ ਵਿੱਚ ਜ਼ਿਲ੍ਹਾ ਕਮੇਟੀ ਦੀ ਟੀਮ ਨੇ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਉਨ੍ਹਾਂ ਕਿਹਾ ਕਿ ਇਨਕਲਾਬੀ ਕੇਂਦਰ, ਪੰਜਾਬ ਔਰਤਾਂ ਉੱਪਰ ਲਗਾਤਾਰ ਵਧਦੇ ਅਤਿਆਚਾਰਾਂ ਅਤੇ ਲਗਾਤਾਰ ਨਿੱਘਰ ਸਮਾਜਿਕ ਆਰਥਿਕ ਪੱਧਰ ਨਾਲ ਨਜਿੱਠਣ ਲਈ ਔਰਤਾਂ ਦਾ ਸਿਆਸੀ ਤੌਰ ਤੇ ਜਾਗਰੂਕ ਹੋਣਾ ਤੇ ਜਥੇਬੰਦ ਹੋਣ ਸਮੇਂ ਦੀ ਬੇਹੱਦ ਜ਼ਰੂਰੀ ਲੋੜ ਬਣਦੀ ਹੈ। ਸਮੇਂ ਦੀ ਇਸੇ ਨਜ਼ਾਕਤ ਨੂੰ ਸਮਝਦੇ ਹੋਏ ਇਸ ਤਰ੍ਹਾਂ ਦੀਆਂ ਵਿਚਾਰ ਚਰਚਾਂ ਹੋਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਇਹ ਵੀ ਕਿਹਾ ਇਹ ਪ੍ਰੋਗਰਾਮ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਹਿਯੋਗ ਨਾਲ ਕੀਤਾ ਹੈ। ਸਮੁੱਚੀ ਵਿਚਾਰ ਚਰਚਾ ਦੌਰਾਨ ਸਟੇਜੀ ਕਾਰਵਾਈ ਵੀ ਖੁਦ ਔਰਤਾਂ ਨੇ ਹੀ ਸੰਭਾਲੀ ਅਤੇ ਲਗਭਗ 150 ਔਰਤਾਂ ਨੇ ਇਸ ਵਿਚਾਰ ਚਰਚਾ ਵਿੱਚ ਪੂਰੀ ਇਨਕਲਾਬੀ ਜੋਸ਼ ਨਾਲ ਭਾਗ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਆਗੂ ਅਮਰਜੀਤ ਕੌਰ, ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਬਰਨਾਲਾ ਦੀ ਆਗੂ ਪਰਮਜੀਤ ਕੌਰ ਜੋਧਪੁਰ, ਨੌਜਵਾਨ ਵਿਦਿਆਰਥਣਾਂ ਜਸਲੀਨ, ਅਵਨੀਤ ਕੌਰ ਮੂੰਮ, ਸੁਖਬੀਰ ਕੌਰ, ਅਰਸ਼ਦੀਪ ਕੌਰ ਪਰਮਜੀਤ ਕੌਰ ਹਮੀਦੀ, ਸੁਖਵਿੰਦਰ ਕੌਰ ਧਨੇਰ, ਮਨਜੀਤ ਕੌਰ ਸੰਧੂ ਕਲਾਂ, ਕੁਲਦੀਪ ਕੌਰ ਚੀਮਾ, ਮਨਜੀਤ ਕੌਰ ਖੁੱਡੀਕਲਾਂ ਆਦਿ ਆਗੂ ਬੁਲਾਰਿਆਂ ਨੇ ਔਰਤ ਮੁਕਤੀ ਦੇ ਸਵਾਲ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਔਰਤਾਂ ਖ਼ਿਲਾਫ਼ ਜ਼ਬਰ ਸਭ ਹੱਦਾਂ ਬੰਨੇ ਪਾਰ ਕਰ ਰਿਹਾ ਹੈ। ਔਰਤਾਂ ਖ਼ਿਲਾਫ਼ ਇਸ ਜ਼ਬਰ ਨੂੰ ਘਟਨਾ ਵਜੋਂ ਨਹੀਂ ਸਭ ਤੋਂ ਵੱਧ ਸੰਸਥਾਗਤ ਜਬਰ ਵਜੋਂ ਦੇਖਣਾ ਚਾਹੀਦਾ ਹੈ। ਇਸ ਲਈ ਔਰਤਾਂ ਦੀ ਮੁਕੰਮਲ ਮੁਕਤੀ ਲਈ ਇਕ ਨਵੇਂ ਕਿਸਮ ਦੇ ਸਮਾਜ ਦੀ ਸਿਰਜਣਾ ਕਰਨੀ ਪਵੇਗੀ। ਇਸ ਇਨਕਲਾਬੀ ਕਾਰਜ ਨੂੰ ਪੂਰਾ ਕਰਨ ਲਈ ਔਰਤਾਂ ਨੂੰ ਵੀ ਵਿਗਿਆਨਕ ਚੇਤਨਾ ਦੇ ਅਧਾਰਤ ਜਥੇਬੰਦ ਹੋਕੇ ਸੰਸਾਰ ਭਰ ਵਿੱਚ ਚੱਲ ਰਹੇ ਕਿਰਤੀ ਸੰਘਰਸ਼ਾਂ ਨਾਲ ਗੂੜ੍ਹੀ ਸਾਂਝ ਰਾਹੀਂ ਅੱਗੇ ਵਧਣਾ ਚਾਹੀਦਾ ਹੈ। ਇਸ ਜੱਦੋਜਹਿਦ ਨੂੰ ਅੱਗੇ ਵਧਾਉਣ ਤੇ ਉਭਾਰਨ ਵਿੱਚ 8 ਮਾਰਚ ਔਰਤ ਦਿਵਸ ਦੀ ਬਹੁਤ ਵੱਡੀ ਮਹੱਤਤਾ ਹੈ। ਕਿਉੰਕਿ ਇਹ ਉਹ ਦਿਨ ਹੈ ਜਿਸਦੀ ਸ਼ੁਰੂਆਤ 1857 ਦੇ ਉਸ ਦਿਨ ਨਾਲ ਜੁੜਕੇ ਹੋਈ ਜਦੋਂ ਨਿਊਯਾਰਕ ਵਿੱਚ ਕੱਪੜਾ ਮਜ਼ਦੂਰ ਔਰਤਾਂ ਨੇ ਦਲੇਰਾਨਾ ਸੰਘਰਸ਼ ਕੀਤਾ ਸੀ। ਜਿਸਦੀ ਯਾਦ ਵਿੱਚ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਵੱਜੋਂ ਮਨਾਉਣ ਦਾ ਫੈਸਲਾ 1910 ਵਿੱਚ ਕੋਪਨਹੇਗਨ ਡੈਨਮਾਰਕ ਵਿੱਚ ਹੋਈ ਸਮਾਜਵਾਦੀ ਔਰਤਾਂ ਦੀ ਕੌਮਾਂਤਰੀ ਗੋਸ਼ਟੀ ਵਿੱਚ ਹੋਇਆ ਸੀ। ਇਸਦਾ ਪ੍ਰਸਤਾਵ ਜਰਮਨ ਦੀ ਕਮਿਊਨਿਸਟ ਮਹਿਲਾ ਆਗੂ ਕਲਾਰਾ ਜੈਟਕਿਨ ਨੇ ਰੱਖਿਆ ਸੀ ਜਿਸ ਨੂੰ ਸਭ ਵੱਲੋਂ ਪ੍ਰਵਾਨ ਕਰ ਲਿਆ ਗਿਆ। ਇਸ ਲਈ ਇਸ ਮਹਾਨ ਦਿਨ ਨੂੰ ਔਰਤ ਮੁਕਤੀ ਦੇ ਮਹੱਤਵਪੂਰਨ ਸਵਾਲ ਨੂੰ ਉਭਾਰਦੇ ਹੋਏ ਮਨਾਉਣਾ ਚਾਹੀਦਾ ਹੈ। ਆਗੂਆਂ ਕਿਹਾ ਕਿ ਭਾਰਤ ਵਿੱਚ ਵੀ ਮਾਈ ਭਾਗੋ, ਗ਼ਦਰੀ ਗੁਲਾਬ ਕੌਰ, ਦੁਰਗਾ ਭਾਬੀ ਜਿਹੀਆਂ ਵੀਰਾਂਗਣਾਂ ਦੀ ਵੀ ਅਹਿਮ ਭੂਮਿਕਾ ਹੈ ਅਤੇ ਇਨ੍ਹਾਂ ਦੀ ਕੁਰਬਾਨੀ ਦਾ ਇਤਿਹਾਸ ਸੁਨਿਹਰੀ ਪੰਨਿਆਂ ਉੱਪਰ ਉੱਕਰਿਆ ਹੋਇਆ ਹੈ। ਜ਼ਬਰ ਖ਼ਿਲਾਫ਼ ਟਾਕਰੇ ਦੀ ਮਿਸਾਲ ਮਹਿਲਕਲਾਂ ਲੋਕ ਘੋਲ ਸਾਡੇ ਆਪਣੇ ਹੱਥੀਂ ਸਿਰਜਿਆ ਹੋਇਆ ਹੈ। ਸਮਾਗਮ ਦੀ ਸ਼ੁਰੂਆਤ ਸਮੇਂ ਯਾਦਵਿੰਦਰ ਠੀਕਰੀਵਾਲ ਨੇ ਨਸ਼ਿਆਂ ਦੇ ਸਬੰਧ ਵਿਚ ਆਪਣਾ ਲਿਖਿਆ ਹੋਇਆ ਗੀਤ ਪੇਸ਼ ਕੀਤਾ। ਸਟੇਜ ਦੀ ਕਾਰਵਾਈ ਕੇਵਲਜੀਤ ਕੌਰ ਠੀਕਰੀਵਾਲ ਨੇ ਬਾਖੂਬੀ ਨਿਭਾਈ। ਇਸ ਮੌਕੇ ਸੁਖਵਿੰਦਰ ਠੀਕਰੀਵਾਲ, ਖੁਸ਼ਵਿੰਦਰਪਾਲ ਹੰਢਿਆਇਆ, ਜਸਪਾਲ ਚੀਮਾ, ਗੁਰਮੀਤ ਸੁਖਪੁਰਾ ਆਦਿ ਵੀ ਸ਼ਾਮਲ ਰਹੇ।