- ਪਿੰਡ ਦੇ ਪੰਚਾਇਤ ਘਰ ਦੇ ਨਿਰਮਾਣ ਸਬੰਧੀ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਬਰਨਾਲਾ, 28 ਜੁਲਾਈ : ਜ਼ਿਲ੍ਹਾ ਬਰਨਾਲਾ ’ਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਪਰ ਚੁੱਕਣ, ਜੈਵ ਵਿਭਿੰਨਤਾ ਤੇ ਵਾਤਾਵਰਣ ਪੱਖੀ ਉਪਰਾਲਿਆਂ ਦੀ ਲੜੀ ਤਹਿਤ ਨਿਵੇਕਲੀ ਪਹਿਲਕਦਮੀ ਕਰਦਿਆਂ ਮੈਨਮੇਡ ਜਲਗਾਹ ਬਣਾਈ ਜਾ ਰਹੀ ਹੈ ਤੇ ਇਸ ਦੇ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾਵੇ। ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਅਧਿਕਾਰੀਆਂ ਨੂੰ ਜਲਗਾਹ ਦੇ ਨਿਰਮਾਣ ਕਾਰਜ ਦੇ ਨਿਰੀਖਣ ਮੌਕੇ ਦਿੱਤੇ। ਬਡਬਰ ਬੀੜ ਵਿੱਚ ਇਹ ਜਲਗਾਹ ਕਰੀਬ 60.28 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ, ਜਿਸ ਵਿੱਚ ਮਗਨਰੇਗਾ ਵਰਕਰਾਂ ਰਾਹੀਂ 3 ਏਕੜ ’ਚ ਟੋਭੇ ਦੀ ਪੁਟਾਈ ਕੀਤੀ ਗਈ ਹੈ। ਬੀੜ ਦਾ ਕੁੱਲ ਖੇਤਰ 350 ਏਕੜ ਤੋਂ ਵੱਧ ਹੈ। ਇਸ ਮਗਰੋਂ ਡਿਪਟੀ ਕਮਿਸ਼ਨਰ ਵੱਲੋਂ ਬਡਬਰ ’ਚ ਪੁਰਾਣੀ ਇਮਾਰਤ ਦਾ ਜਾਇਜ਼ਾ ਲਿਆ ਗਿਆ, ਜਿੱਥੇ ਪੰਚਾਇਤ ਘਰ ਦੀ ਨਵੀਂ ਇਮਾਰਤ ਉਸਾਰੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਯੂਥ ਲਾਇਬ੍ਰੇਰੀ ਦੀ ਇਮਾਰਤ ਲਗਭਗ ਤਿਆਰ ਹੈ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਪਿੰਡ ਦੇ ਵਿਕਾਸ ਕਾਰਜ ਸਮਾਂਬੱਧ ਤਰੀਕੇ ਨਾਲ ਨੇਪਰੇ ਚੜ੍ਹਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਬੀਡੀਪੀਓ ਸੁਖਦੀਪ ਸਿੰਘ ਤੇ ਪੰਚਾਇਤੀ ਰਾਜ ਅਧਿਕਾਰੀ ਹਾਜ਼ਰ ਸਨ।