
ਲੁਧਿਆਣਾ, 10 ਮਾਰਚ 2025 : ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਫੋਕਲ ਪੁਆਇੰਟ ਫੇਜ਼ 8 ਵਿਖੇ ਫੈਕਟਰੀ ਢਹਿਣ ਦੀ ਮੰਦਭਾਗੀ ਘਟਨਾ ਵਿੱਚ ਜਾਨ ਗੁਆਉਣ ਵਾਲੇ ਤਿੰਨ ਵਿਅਕਤੀਆਂ ਦੇ ਪਰਿਵਾਰਾਂ ਲਈ ਇੱਕ-ਇੱਕ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ। ਇਹ ਮੁਆਵਜ਼ਾ ਉਨ੍ਹਾਂ ਦੇ ਨਿੱਜੀ ਫੰਡਾਂ ਵਿੱਚੋਂ ਦਿੱਤਾ ਜਾਵੇਗਾ। ਬੀਤੇ ਸ਼ਨੀਵਾਰ ਨੂੰ ਇੱਕ ਡਾਇੰਗ ਫੈਕਟਰੀ ਢਹਿਣ ਦੀ ਦੁਖਦਾਈ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਐਮ.ਪੀ. ਅਰੋੜਾ ਨੇ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ। ਅਰੋੜਾ ਨੇ ਕਿਹਾ ਫੈਕਟਰੀ ਢਹਿਣ ਕਾਰਨ ਜਾਨੀ ਨੁਕਸਾਨ ਦਿਲ ਦਹਿਲਾ ਦੇਣ ਵਾਲਾ ਹੈ। ਮੈਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਲੋਕਾਂ ਨਾਲ ਖੜ੍ਹਾ ਹਾਂ ਜਿਹੜੇ ਆਪਣੇ ਪਿਆਰਿਆਂ ਨੂੰ ਹੱਥੋਂ ਗੁਆ ਬੈਠੇ ਹਨ ਅਤੇ ਅੱਗੇ ਕਿਹਾ ਕਿ ਹਰੇਕ ਮ੍ਰਿਤਕ ਵਿਅਕਤੀ ਦੇ ਆਸ਼ਰਿਤਾਂ ਨੂੰ 1 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ। ਪੰਜਾਬ ਸਰਕਾਰ ਪਹਿਲਾਂ ਹੀ ਫੱਟੜਾਂ ਦੇ ਡਾਕਟਰੀ ਇਲਾਜ਼ ਦਾ ਖਰਚ ਅਤੇ ਮ੍ਰਿਤਕਾਂ ਲਈ ਢੁਕਵਾਂ ਮੁਆਵਜ਼ਾ ਦੇਣ ਦਾ ਐਲਾਨ ਕਰ ਚੁੱਕੀ ਹੈ।