ਪੰਜਾਬੀ ਯੂਨੀਵਰਸਿਟੀ ਵਿੱਤ ਕਮੇਟੀ ਦੀ ਇਕੱਤਰਤਾ ਹੋਈ

ਪਟਿਆਲਾ, 22 ਮਾਰਚ : ਪੰਜਾਬੀ ਯੂਨੀਵਰਸਿਟੀ ਵਿੱਤ ਕਮੇਟੀ ਦੀ ਇਕੱਤਰਤਾ ਹੋਈ ਜਿਸ ਦੀ ਪ੍ਰਧਾਨਗੀ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੀਤੀ ਗਈ। ਇਸ ਇਕੱਤਰਤਾ ਵਿੱਚ ਅਜੋਏ ਕੁਮਾਰ ਸਿਨਹਾ, ਆਈ.ਏ.ਐੱਸ., ਪ੍ਰਮੁੱਖ ਸਕੱਤਰ,ਪੰਜਾਬ ਸਰਕਾਰ, ਵਿੱਤ ਵਿਭਾਗ, ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਸ਼ਾਮਿਲ ਹੋਏ। ਵਿੱਤ ਕਮੇਟੀ ਵੱਲੋਂ ਵਿੱਤੀ ਸਾਲ 2023-24 ਲਈ ਲਗਭਗ 363.00 ਕਰੋੜ ਦੀ ਆਮਦਨ ਦੇ ਸਾਹਮਣੇ 648.00 ਕਰੋੜ ਰੁਪਏ ਦੇ ਖਰਚੇ ਦੇ ਬਜਟ ਅਨੁਮਾਨ ਅਨੁਸਾਰ ਲਗਭਗ 285.00 ਕਰੋੜ ਰੁਪਏ ਦੇ ਘਾਟੇ ਦਾ ਬਜਟ ਪਾਸ ਕਰਨ ਲਈ ਸਿੰਡੀਕੇਟ ਨੂੰ ਸਿਫ਼ਾਰਿਸ਼ ਕੀਤੀ ਗਈ। ਵਿੱਤ ਕਮੇਟੀ ਦੀਆਂ ਸਿਫਾਰਸ਼ਾਂ ਸਿੰਡੀਕੇਟ ਦੀ ਮਿਤੀ 29-03-2023 ਨੂੰ ਹੋਣ ਵਾਲੀ ਇਕੱਤਰਤਾ ਵਿੱਚ ਵਿਚਾਰ ਹਿਤ ਪੇਸ਼ ਕੀਤੀਆਂ ਜਾਣਗੀਆਂ। ਜਿ਼ਕਰਯੋਗ ਹੈ ਕਿ ਪਿਛਲੇ ਸਾਲ ਅਧਿਆਪਕਾਂ ਲਈ ਸੱਤਵਾਂ ਤਨਖਾਹ ਕਮਿਸ਼ਨ ਅਤੇ ਗ਼ੈਰ-ਅਧਿਆਪਨ ਅਮਲੇ ਲਈ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਨਾਲ਼ ਯੂਨੀਵਰਸਿਟੀ ਦਾ ਸਾਲਾਨਾ ਖਰਚਾ ਤਕਰੀਬਨ 100 ਕਰੋੜ ਰੁਪਏ ਵਧਿਆ ਹੈ ਜੋ ਕਿ ਇਸ ਤਾਜ਼ਾ ਬਜਟ ਵਿੱਚ ਪ੍ਰਦਰਿਸ਼ਤ ਹੋਇਆ। ਇਸ ਇਕੱਤਰਤਾ ਵਿੱਚ ਜਸਵਿੰਦਰ ਸਿੰਘ (ਅੰਡਰ ਸੈਕਟਰੀ) ਵਿੱਤ ਵਿਭਾਗ, ਪੰਜਾਬ ਸਰਕਾਰ ਅਤੇ ਜਸਪ੍ਰੀਤ ਤਲਵਾੜ (ਆਈ.ਏ.ਐਸ.), ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਉਚੇਰੀ ਸਿੱਖਿਆ ਵਿਭਾਗ ਦੇ ਨੁਮਾਇੰਦੇ ਵਜੋਂ ਡਾ. ਪਰਮਿੰਦਰ ਸਿੰਘ (ਪ੍ਰਿੰਸੀਪਲ, ਸਰਕਾਰੀ ਸਟੇਟ ਕਾਲਜ,ਪਟਿਆਲਾ) ਹਾਜ਼ਰ ਹੋਏ। ਇਨ੍ਹਾਂ ਤੋਂ ਇਲਾਵਾ ਪ੍ਰੋ. ਐਸ. ਐਸ. ਮਰਵਾਹਾ, ਸਾਬਕਾ ਚੇਅਰਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪ੍ਰੋ. ਅਸ਼ੋਕ ਕੁਮਾਰ ਤਿਵਾੜੀ (ਡੀਨ ਅਕਾਦਮਿਕ ਮਾਮਲੇ), ਡਾ. ਨਵਜੋਤ ਕੌਰ (ਰਜਿਸਟਰਾਰ)ਅਤੇ ਡਾ. ਪ੍ਰਮੋਦ ਕੁਮਾਰ ਅਗਰਵਾਲ (ਵਿੱਤ ਅਫ਼ਸਰ)ਸ਼ਾਮਲ ਹੋਏ।