ਪੰਜਾਬ ਸੰਤਾਪ ਹੰਢਾ ਰਿਹੈ ਕਿਉਂਕਿ ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਸੂਬੇ ਦੀਆਂ ਵਾਜਬ ਮੰਗਾਂ ਮੰਨਣ ਤੋਂ ਇਨਕਾਰ ਕੀਤਾ : ਸੁਖਬੀਰ ਬਾਦਲ

  • ਕਿਹਾ ਕਿ ਕਾਂਗਰਸ ਤੇ ਆਪ ਨੇ ਦਰਿਆਈ ਪਾਣੀਆਂ ਤੇ ਚੰਡੀਗੜ੍ਹ ’ਤੇ ਸੂਬੇ ਦੇ ਅਧਿਕਾਰ ਬਾਰੇ ਸੂਬੇ ਦੇ ਸਟੈਂਡ ਨਾਲ ਸਮਝੌਤਾ ਕੀਤਾ
  • ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਗਵੰਤ ਮਾਨ ਵਰਗੇ ਦੋਖੀਆਂ ਦੀ ਪਛਾਣ ਕਰਨ ਜੋ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਬੋਲਣ ਲਈ ਤਿਆਰ ਨਹੀਂ
  • ਕਿਹਾ ਕਿ ਖੇੜਾ, ਰਾਜੋਆਣਾ ਤੇ ਭੁੱਲਰ ਵਰਗੇ ਬੰਦੀ ਸਿੰਘਾਂ ਨੂੰ ਕਿਸੇ ਹੋਰ ਨਾਲੋਂ ਪਹਿਲਾਂ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਣਾ ਚਾਹੀਦੈ

ਸੰਗਰੂਰ, 20 ਅਗਸਤ 2024 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਇਸ ਕਰ ਕੇ ਸੰਤਾਪ ਹੰਢਾ ਰਿਹੈ ਕਿਉਂਕਿ ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਦਰਿਆਈ ਪਾਣੀਆਂ ’ਤੇ ਇਸਦੇ ਹੱਕ ਬਹਾਲ ਕਰਨ, ਪੰਜਾਬੀ ਬੋਲਦੇ ਇਲਾਕੇ ਇਸਨੂੰ ਦੇਣ ਅਤੇ ਰਾਜਧਾਨੀ ਸ਼ਹਿਰ ਚੰਡੀਗੜ੍ਹ ਦੇਣ ਸਮੇਂ ਸੂਬੇ ਦੀਆਂ ਵਾਜਬ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਹੈ। ਇਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਸੰਤ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸੰਤ ਜੀ ਨੇ ਪੰਜਾਬ ਲਈ ਸਰਵਉਚ ਸ਼ਹਾਦਤ ਦਿੱਤੀ ਪਰ ਕੇਂਦਰ ਸਰਕਾਰ ਨੇ ਉਹਨਾਂ ਨਾਲ ਅਤੇ ਸੂਬੇ ਨਾਲ ਕੀਤੇ ਵਾਅਦੇ ਲਾਗੂ ਕਰਨ ਤੋਂ ਨਾਂਹ ਕਰ ਦਿੱਤੀ। ਉਹਨਾਂ ਕਿਹਾ ਕਿ ਅੱਜ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਨੇ ਸੰਤ ਲੌਂਗੋਵਾਲ ਨਾਲ ਧੋਖਾ ਕੀਤਾ ਹੈ ਕਿਉਂਕਿ ਦੋਵੇਂ ਪਾਰਟੀਆਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਤੇ ਰਾਜਧਾਨੀ ਸ਼ਹਿਰ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਪੰਜਾਬ ਦੇ ਸਟੈਂਡ ਨਾਲ ਸਮਝੌਤਾ ਕੀਤਾ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਅਜਿਹਾ ਸਮਾਂ ਹੈ ਜਦੋਂ ਸਿੱਖ ਕੌਮ ਨੂੰ ਆਪਣਿਆਂ ਤੇ ਭਗਵੰਤ ਮਾਨ ਵਰਗੇ ਦੋਖੀਆਂ ਦੀ ਪਛਾਣ ਕਰਨੀ ਚਾਹੀਦੀ ਹੈ ਜੋ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਬੋਲਣ ਲਈ ਤਿਆਰ ਹੀ ਨਹੀਂ ਹਨ ਅਤੇ ਨਾ ਹੀ ਉਸਦੇ ਖਿਲਾਫ ਧਾਰਾ 295 ਏ ਤਹਿਤ ਮੁਕੱਣਮਾ ਚਲਾਉਣ ਦੀ ਆਗਿਆ ਦੇਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਲੋਕ ਖੁਦ ਇਹ ਸੋਚਣ ਕਿ ਉਹਨਾਂ ਨੇ ਭਗਵੰਤ ਮਾਨ ਨੂੰ ਇੰਨਾ ਵੱਡਾ ਫਤਵਾ ਦਿੱਤਾ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਸਨੇ ਸਭ ਕੁਝ ਵਿਸਾਰ ਦਿੱਤਾ ਤੇ ਹੜ੍ਹਾਂ ਦੀ ਮਾਰ ਵੇਲੇ ਵੀ ਤੁਹਾਡੀ ਸਾਰ ਲੈਣ ਨਹੀਂ ਆਇਆ। ਲੋਕਾਂ ਨੂੰ ਪੰਥ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਠੁਕਰਾਉਣ ਦੀ ਅਪੀਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਤੁਸੀਂ ਆਪ ਸੁਣਿਆ ਹੈ ਕਿ ਕੱਲ੍ਹ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਨੇ ਕੀ ਕਿਹਾ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਭਾਈ ਗੁਰਦੀਪ ਸਿੰਘ ਖੇੜਾ, ਬਲਵੰਤ ਸਿੰਘ ਰਾਜੋਆਣਾ ਅਤੇ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਬੰਦੀ ਸਿੰਘਾਂ ਨੂੰ ਪਹਿਲਾਂ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਜਿਹਨਾਂ ਨੇ ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ 30-30 ਸਾਲ ਤੋਂ ਜੇਲ੍ਹਾਂ ਕੱਟ ਰਹੇ ਹਨ ਜਦੋਂ ਕਿ ਦੁਜੇ ਸਿਰਫ ਇਕ ਸਾਲ ਦੀ ਕੈਦ ਤੋਂ ਹੀ ਰਿਹਾਈ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਕ ਵਿਅਕਤੀ ਜੋ ਸਿਰਫ ਇਕ ਸਾਲ ਤੋਂ ਹੀ ਜੇਲ੍ਹ ਵਿਚ ਹੋਵੇ, ਉਹ ਪੰਥ ਦੀ ਅਗਵਾਈ ਕਿਵੇਂ ਕਰ ਸਕਦਾ ਹੈ। ਉਹਨਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਸੰਤ ਲੌਂਗੋਵਾਲ ਦੀ ਸ਼ਹਾਦਤ ਵਰਗੇ ਹਾਲਾਤ ਮੁੜ ਤੋਂ ਦੁਹਰਾਏ ਜਾਣ। ਉਹਨਾਂ ਕਿਹਾ ਕਿ ਭਾਈ ਖੇੜਾ ਨੇ ਸਿਮਰਨਜੀਤ ਸਿੰਘ ਮਾਨ ਵਰਗੇ ਅਖੌਤੀ ਆਗੂਆਂ ਨੂੰ ਬੇਨਕਾਬ ਕੀਤਾ ਹੈ ਜਿਹਨਾਂ ਨੇ ਆਪਣੇ ਸੌੜੇ ਹਿੱਤਾਂ ਵਾਸਤੇ ਪੰਥ ਨੂੰ ਵਰਤਿਆ ਪਰ ਕੌਮ ਵਾਸਤੇ ਕੱਖ ਵੀ ਨਹੀਂ ਕੀਤਾ। ਸਰਦਾਰ ਬਾਦਲ ਨੇ ਕਿਹਾ ਕਿ ਹਰ ਕੋਈ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਿਹਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਸਿੱਖ ਕੌਮ ਕਮਜ਼ੋਰ ਹੋ ਜਾਵੇਗੀ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਮਜ਼ੋਰ ਹੋਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੁਕੜੇ ਕੀਤੇ ਗਏ ਅਤੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾਈ ਗਈ। ਉਹਨਾਂਕਿਹਾ  ਕਿ ਇਸ ਮਗਰੋਂ ਤਖਤ ਸ੍ਰੀ ਹਜ਼ੂਰ ਸਾਹਿਬ ਕਮੇਟੀ ’ਤੇ ਸਰਕਾਰ ਅਤੇ ਦਿੱਲੀ ਕਮੇਟੀ ’ਤੇ ਆਰ ਐਸ ਐਸ ਤੇ ਭਾਜਪਾ ਨੇ ਕਬਜ਼ਾ ਕਰ ਲਿਆ। ਉਹਨਾਂ ਕਿਹਾ ਕਿ ਇਹੋ ਕੁਝ ਹੁਣ ਮੁਸਲਿਮ ਭਾਈਚਾਰੇ ਨਾਲ ਹੋ ਰਿਹਾ ਹੈ ਕਿਉਂਕਿ ਉਹਨਾਂ ਦੀ ਲੀਡਰਸ਼ਿਪ ਕਮਜ਼ੋਰ ਹੈ। ਉਹਨਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਸੀ ਤਾਂ ਉਸ ਵੇਲੇ ਕਿਸੇ ਨੂੰ ਵੀ ਸਿੱਖ ਕੌਮ ਦੇ ਅੰਦਰੂਨੀ ਮਸਲਿਆਂ ਵਿਚ ਦਖਲ ਦੇਣ ਦੀ ਇਜਾਜ਼ਤ ਨਹੀਂ ਸੀ ਅਤੇ ਅਸੀਂ ਇਹ ਦਖਲਅੰਦਾਜ਼ੀ ਰੋਕਣ ਵਾਸਤੇ ਸਾਨੂੰ ਇਕਜੁੱਟ ਹੋਣਾ ਪਵੇਗਾ। ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲਕੀਤੀ  ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਕਿਹਾ ਕਿ ਅਜਿਹਾ ਕਰਨਾ ਹੀ ਸੰਤ ਲੌਂਗੋਵਾਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਹਨਾਂ ਨੇ ਇਤਿਹਾਸਕ ਇਕੱਠ ਨੂੰ ਭਰੋਸਾ ਦੁਆਇਆ ਕਿ ਉਹ ਕਦੇ ਵੀ ਪੰਥ ਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਗੇ ਭਾਵੇਂ ਜੋ ਮਰਜ਼ੀ ਹੋ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਕਿਵੇਂ ਸੂਬੇ ਵਿਚ ਵਾਰ-ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਆਪ ਸਰਕਾਰ ਇਸ ਪਿਛਲੀ ਸਾਜ਼ਿਸ਼ ਨੂੰ ਬੇਨਕਾਬ ਕਰਨ ਵਾਸਤੇ ਕੱਖ ਵੀ ਨਹੀਂ ਕਰ ਰਹੀ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਸੰਤ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਐਮਰਜੰਸੀ ਵੇਲੇ ਉਹਨਾਂ ਵੱਲੋਂ ਮੋਰਚੇ ਦੀ ਅਗਵਾਈ ਕਰਨ ਵਿਚ ਨਿਭਾਈ ਭੂਮਿਕਾ ਉਜਾਗਰ ਕੀਤੀ। ਡਾ. ਦਲਜੀਤ ਸਿੰਘ ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਘੀ ਢਾਂਚੇ ਦੀ ਮਜ਼ਬੂਤੀ ਵਾਸਤੇ ਅਤੇ ਬਿਨਾਂ ਕਿਸੇ ਲੋਭ ਤੇ ਲਾਲਚ ਦੇ ਪੰਥ ਤੇ ਪੰਜਾਬ ਲਈ ਡੱਟਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਹੱਥ ਮਜ਼ਬੂਤ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਇਕਬਾਲ ਸਿੰਘ ਝੂੰਦਾ, ਬਾਬਾ ਟੇਕ ਸਿੰਘ ਧਨੋਲਾ, ਵਿੰਨਰਜੀਤ ਸਿੰਘ ਗੋਲਡੀ, ਰਾਜਿੰਦਰ ਦੀਪਾ, ਜ਼ਹੀਦਾ ਸੁਲੇਮਾਨ, ਸਤਨਾਮ ਸਿੰਘ ਰਾਹੀ, ਕੁਲਵੰਤ ਸਿੰਘ ਕੀਤੂ, ਸਰਬਜੀਤ ਸਿੰਘ ਝਿੰਜਰ, ਗੁਰਪ੍ਰੀਤ ਸਿੰਘ ਰਾਜੂ ਖੰਨਾ ਆਦਿ ਨੇ ਵੀ ਸੰਬੋਧਨ ਕੀਤਾ।