ਪੰਜਾਬ ਰਾਜ ਟਰੇਡਰ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਵੱਲੋਂ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਬੈਠਕ

  • ਕਿਹਾ ਵਪਾਰੀਆਂ ਅਤੇ ਉਦਯੋਗਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇਗੀ ਪੰਜਾਬ ਸਰਕਾਰ

ਫਾਜ਼ਿਲਕਾ 23 ਫਰਵਰੀ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪਦੇ ਦੁਆਰ ਮੁਹਿੰਮ ਤਹਿਤ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਨਿਲ ਠਾਕੁਰ ਨੇ ਅੱਜ ਫਾਜ਼ਿਲਕਾ ਜ਼ਿਲੇ ਦੇ ਵਪਾਰੀਆਂ, ਉਦੋਗਪਤੀਆਂ ਅਤੇ ਉਦਮੀਆਂ ਨਾਲ ਇੱਕ ਬੈਠਕ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨ ਸ੍ਰੀ ਸਮਿੰਦਰ ਸਿੰਘ ਖਿੰਡਾ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਹਾਜ਼ਰ ਸਨ। ਇਸ ਮੌਕੇ ਵਪਾਰੀਆਂ ਅਤੇ ਉਦੋਗਪਤੀਆਂ ਨੂੰ ਸੰਬੋਧਨ ਹੁੰਦਿਆਂ ਸ੍ਰੀ ਅਨਿਲ ਠਾਕੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯਕ ਮੁਫਤ ਨਿਪਟਾਰਾ ਸਕੀਮ ਤਹਿਤ 1,ਲੱਖ ਤੋਂ ਘੱਟ ਦੇ ਪੁਰਾਣੇ ਬਕਾਇਆ ਨੂੰ ਪੂਰਨ ਤੌਰ ਤੇ ਮਾਫ ਕਰ ਦਿੱਤਾ ਗਿਆ ਹੈ। ਜਦਕਿ ਇਕ ਲੱਖ ਤੋਂ ਇਕ ਕਰੋੜ ਤੱਕ ਦੇ ਬਕਾਇਆ ਸਬੰਧੀ ਵੀ ਛੂਟ ਦਿੱਤੀ ਗਈ ਹੈ। ਇਸ ਸਕੀਮ ਦਾ ਲਾਭ ਲੈਣ ਲਈ 15 ਮਾਰਚ ਤੋਂ ਪਹਿਲਾਂ ਪਹਿਲਾਂ ਸੰਬੰਧਿਤ ਬਕਾਏਦਾਰ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਨੇ ਆਖਿਆ ਕਿ ਉਹ ਹਰੇਕ ਜਿਲੇ ਵਿੱਚ ਜਾ ਕੇ ਵਪਾਰੀਆਂ ਅਤੇ ਉਦੋਗਪਤੀਆਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ ਤਾਂ ਜੋ ਸਰਕਾਰ ਦੇ ਪੱਧਰ ਤੇ ਇਹਨਾਂ ਦਾ ਨਿਪਟਾਰਾ ਕੀਤਾ ਜਾ ਸਕੇ । ਉਹਨਾਂ ਆਖਿਆ ਕਿ ਜੇ ਕਿਤੇ ਕੋਈ ਕਿਸੇ ਵਪਾਰੀ ਨੂੰ ਨੋਟਿਸ ਆਉਂਦਾ ਤਾਂ ਇਸਦਾ ਮਤਲਬ ਇਹ ਨਹੀਂ ਕਿ ਵਪਾਰੀ ਜਾਂ ਦੁਕਾਨਦਾਰ ਦੋਸ਼ੀ ਹੈ, ਬਲਕਿ ਉਸਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ, ਅਤੇ ਜੇਕਰ ਵਪਾਰੀ ਦਾ ਪੱਖ ਸਹੀ ਹੋਵੇ ਤਾਂ ਅਜਿਹੇ ਨੋਟਿਸ ਨੂੰ ਵਾਪਸ ਲੈ ਲਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਪਾਰੀਆਂ ਅਤੇ ਉਦਯੋਗਾਂ ਨੂੰ ਬਿਨਾਂ ਕਿਸੇ ਕਾਰਨ ਦੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਉਨਾਂ ਨੇ ਇਸ ਮੌਕੇ ਇਹ ਵੀ ਅਪੀਲ ਕੀਤੀ ਕਿ ਸਮਾਨ ਦੀ ਵਿਕਰੀ ਸਮੇਂ ਪੱਕਾ ਬਿੱਲ ਜਰੂਰ ਦਿੱਤਾ ਜਾਵੇ। ਸ੍ਰੀ ਅਨਿਲ ਠਾਕੁਰ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਵਪਾਰੀਆਂ ਅਤੇ ਸੰਨਤਕਾਰਾਂ ਨਾਲ ਹੋਰ ਵੀ ਮੀਟਿੰਗਾਂ ਕਰੇਗੀ। ਉਹਨਾਂ ਕਿਹਾ ਕਿ ਵਪਾਰੀ ਅਤੇ ਵਿਭਾਗ ਦਾ ਸਬੰਧ ਦੋਸਤਾਨਾ ਹੋਵੇਗਾ ਤਾਂ ਵੱਧ ਟੈਕਸ ਆਵੇਗਾ । ਉਹਨਾਂ ਕਿਹਾ ਕਿ ਉਹ ਵਪਾਰੀ ਦੇ ਮਨ ਵਿੱਚੋਂ ਡਰ ਕੱਢਣਾ ਚਾਹੁੰਦੇ ਹਨ ਜੇਕਰ ਕਿਸੇ ਵਪਾਰੀ ਨੂੰ ਕੋਈ ਮੁਸ਼ਕਿਲ ਹੋਵੇ ਤਾਂ ਉਹ ਸਿੱਧੇ ਵਿਭਾਗ ਨਾਲ ਸੰਪਰਕ ਕਰੇ । ਉਹਨਾਂ ਕਿਹਾ ਕਿ ਓਟੀਐਸ ਸਕੀਮ ਤਹਿਤ 39786 ਲੋਕਾਂ ਦਾ ਸਾਰਾ ਬਕਾਇਆ ਮਾਫ ਹੋ ਗਿਆ ਹੈ। ਇਸੇ ਤਰ੍ਹਾਂ ਉਹਨਾਂ ਕਿਹਾ ਕਿ ਵਪਾਰੀਆਂ ਦੇ ਸਤਿਕਾਰ ਲਈ ਜੀਐਸਟੀ ਦਫਤਰਾਂ ਵਿੱਚ ਇੱਕ ਉਡੀਕ  ਸਥਾਨ ਤਿਆਰ ਕਰਵਾਇਆ ਜਾਵੇਗਾ। ਇਸੇ ਤਰਾਂ ਕੇ ਸਲਾਹਕਾਰ ਕਮੇਟੀਆਂ ਵੀ ਬਣਾਈਆਂ ਜਾਣਗੀਆਂ। ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨ ਸ੍ਰੀ ਸ਼ਮਿੰਦਰ ਸਿੰਘ ਖਿੰਡਾ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਦਾ ਉਦੇਸ਼ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਸਮਝਣਾ ਹੈ ਅਤੇ ਉਹਨਾਂ ਦੇ ਸੁਝਾਵਾਂ ਅਨੁਸਾਰ ਸਰਕਾਰ ਫਿਰ ਫੈਸਲੇ ਕਰੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਐਗਰੋ ਵੱਲੋਂ ਵੀ ਕਿੰਨੂ ਦੀ ਖਰੀਦ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਪੰਜਾਬ ਐਗਰੋ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਦ੍ਰਿੜ ਸੰਕਲਪਿਤ ਹੈ। ਉਹਨਾਂ ਕਿਹਾ ਕਿ ਜਦ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੇਠਲੇ ਪੱਧਰ ਤੇ ਹੀ ਹੱਲ ਹੋ ਜਾਂਦਾ ਹੈ। ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਸੁਨੀਲ ਸਚਦੇਵਾ, ਕਮਿਸ਼ਨ ਦੇ ਮੈਂਬਰ ਸ਼੍ਰੀ ਅਤੁੱਲ ਨਾਗਪਾਲ, ਸਕੱਤਰ ਸ਼੍ਰੀ ਅਰੁਣ ਵਧਵਾ, ਐਸੀਸਟੈਂਟ ਕਮਿਸ਼ਨਰ ਸਟੇਟ ਟੈਕਸ ਇੰਦਰਪਾਲ ਸਿੰਘ  ਬਜਾਜ, ਈਟੀਓ ਮਨੀਸ਼ ਸ਼ਰਮਾ, ਇੰਸਪੈਕਟਰ ਸ੍ਰੀ ਵਿਕਾਸ ਸਵਾਮੀ, ਸ੍ਰੀਮਤੀ ਪੂਜਾ ਲੂਥਰਾ ਤੋਂ ਇਲਾਵਾ ਜ਼ਿਲ੍ਹੇ ਦੀਆਂ ਵੱਖ-ਵੱਖ ਵਪਾਰੀ ਅਤੇ ਸਨਤਕਾਰਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ, ਜਿਨਾਂ ਨੇ ਵਿਸਥਾਰ ਨਾਲ ਆਪਣੀ ਗੱਲ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਅੱਗੇ ਰੱਖੀ।