ਪੰਜਾਬ ਸਰਕਾਰ ਮੈਡੀਕਲ, ਸਿੱਖਿਆ, ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਦ੍ਰਿੜ-ਸਪੀਕਰ ਕੁਲਤਾਰ ਸਿੰਘ ਸੰਧਵਾਂ

ਲੁਧਿਆਣਾ : ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਮੈਡੀਕਲ ਹਸਪਤਾਲ, ਪਿੰਡ ਸਰਾਭਾ ਦੇ ਡੈਂਟਲ ਵਿਭਾਗ ਵਲੋਂ ਪੜਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਦੀ ਧੁੰਨ ਉਪਰੰਤ ਸਪੀਕਰ ਸੰਧਵਾਂ, ਵਿਧਾਇਕ ਰਾਏਕੋਟ ਹਾਕਮ ਸਿੰਘ ਠੇਕੇਦਾਰ, ਸੀਨੀਅਰ ਆਪ ਲੀਡਰ ਡਾ. ਕੇ.ਐਨ.ਐਸ. ਕੰਗ, ਚੇਅਰਪਰਸਨ ਪਰਮਜੀਤ ਕੌਰ, ਪਵਿੱਤਰ ਸਿੰਘ ਗਰੇਵਾਲ, ਡਾ. ਗਗਨਦੀਪ ਕੌਰ, ਸਾਧੂ ਸਿੰਘ, ਜਸਵਿੰਦਰ ਰਾਣਾ, ਟਹਿਲ ਸਿੰਘ ਕੈਲੇ ਆਦਿ ਵਲੋਂ ਸ਼ਮਾ ਰੌਸ਼ਨ ਕਰਕੇ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ਼ਹੀਦ ਸਰਾਭਾ ਯਾਦਗਾਰੀ ਇਸ ਮੈਡੀਕਲ ਸੰਸਥਾ ਦੀਆਂ ਸਮਾਜਿਕ ਸੇਵਾਵਾਂ ਸ਼ਲਾਘਾਯੋਗ ਹਨ। ਪੜਾਈ ਪੂਰੀ ਕਰ ਚੁੱਕੇ ਬੱਚਿਆਂ ਨੂੰ ਉਹਨਾਂ ਕਿਹਾ ਕਿ ਉਹ ਆਉਣ ਵਾਲੇ ਕੱਲ ਦੇ ਵਾਰਿਸ ਹਨ, ਜੋ ਟੈਲੈਂਟ ਪੰਜਾਬ ਚ ਚੰਗੀ ਪੜਾਈ ਕਰ ਰਹੇ ਬੱਚਿਆਂ ਕੋਲ ਹੈ , ਉਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੈਡੀਕਲ ਸਿੱਖਿਆ, ਪੜਾਈ ਅਤੇ ਖੇਡਾਂ ਦੀ ਤਰੱਕੀ ਲਈ ਹਮੇਸ਼ਾਂ ਹੀ ਯਤਨਸ਼ੀਲ ਹੈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਤੁਹਾਡਾ ਅਧਿਆਪਕ ਤੁਹਾਡਾ ਪਰਮਾਤਮਾ ਹੈ। ਪੰਜਾਬ ਸਰਕਾਰ ਦਾ ਇਹ ਸੁਪਨਾ ਹੈ ਕਿ ਪੰਜਾਬ ਦੇ ਬੱਚੇ ਪੜਾਈ ਮੁਕੰਮਲ ਕਰਕੇ ਪੰਜਾਬ ਚ ਹੀ ਰਾਜ ਕਰਨ। ਬੱਚਿਆਂ ਦੀ ਸਕਾਲਰਸ਼ਿੱਪ ਸਬੰਧੀ ਉਹਨਾਂ ਕਿਹਾ ਕਿ ਉਹ ਵਜੀਫੇ ਦਾ ਪੈਸਾ ਜਲਦੀ ਹੀ ਜਾਰੀ ਕਰਵਾਉਣਗੇ। ਡਾ. ਕੇ.ਐਨ.ਐਸ. ਕੰਗ ਨੇ ਸ਼ਹੀਦ ਸਰਾਭਾ ਜੀ ਦੇ ਜੀਵਨ ਅਤੇ ਉਹਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਕਰਨ ਦਾ ਸੁਨੇਹਾ ਦਿੱਤਾ।  ਇਸ ਮੌਕੇ ਮੈਡਮ ਅਨੀਤਾ ਦਰਸ਼ੀ ਏ.ਡੀ.ਸੀ., ਤੇਜਿੰਦਰ ਪਾਲ ਸਿੰਘ ਤਹਿਸੀਲਦਾਰ, ਚੇਅਰਮੈਨ ਗੌਰਵਦੀਪ ਸਿੰਘ, ਸਰਪੰਚ ਸੁਖਜਿੰਦਰ ਕੌਰ, ਪ੍ਰਧਾਨ ਕੁਲਦੀਪ ਸਿੰਘ, ਅਮਰ ਸਿੰਘ ਸੈਕਟਰੀ, ਤੇਜਿੰਦਰ ਸਿੰਘ ਬੱਲੋਵਾਲ ਬਲਾਕ ਇੰਚਾਰਜ, ਤਪਿੰਦਰ ਸਿੰਘ ਜੋਧਾਂ, ਦਲਵੀਰ ਸਿੰਘ ਜੋਧਾਂ ਆਦਿ ਹਾਜਰ ਸਨ।