- ਸਿਹਤ ਮੰਤਰੀ ਨੇ ਨਿੱਜੀ ਹਸਪਤਾਲਾਂ ਨੂੰ ,ਗਰੀਬ ਮਰੀਜ਼ਾਂ ਦੇ ਇਲਾਜ ਲਈ ਬਹੁਤ ਹੀ ਸਸਤੀਆਂ ਦਰਾਂ ਵਾਲੇ ਕੁੱਝ ਬੈੱਡ ਉਪਲਬਧ ਕਰਵਾਉਣ ਦੀ ਕੀਤੀ ਅਪੀਲ*
- ਡਾ: ਬਲਬੀਰ ਸਿੰਘ ਨੇ ਪੰਜਾਬ ਵਿਚ ਉਚ ਪੱਧਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਦਿੱਤਾ ਸੱਦਾ
ਚੰਡੀਗੜ੍ਹ, 24 ਫਰਵਰੀ : ਸੂਬੇ ਦੇ ਲੋਕਾਂ ਨੂੰ ਸੁਖਾਲੇ ਢੰਗ ਨਾਲ ਲਈ ਮਿਆਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੀ ਪੁਰਜ਼ੋਰ ਕੋਸ਼ਿਸ਼ ਤਹਿਤ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਪੂਰੀ ਸੁਹਿਰਦਤਾ ਨਾਲ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਉਨਾਂ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਮਰੀਜਾਂ ਲਈ ਉਨਾਂ ਦੇ ਹਸਪਤਾਲਾਂ ਵਿੱਚ ਕੁਝ ਬੈੱਡ ਰਾਖਵੇਂ ਰੱਖਣ ਦੀ ਅਪੀਲ ਵੀ ਕੀਤੀ ਤਾਂ ਜੋ ਅਜਿਹੇ ਗਰੀਬ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਦਾ ਲਾਭ ਦਿੱਤਾ ਜਾ ਸਕੇ। ਪੰਜਾਬ ਨਿਵੇਸ਼ਕ ਸੰਮੇਲਨ-2023 ਦੇ ਦੂਜੇ ਤੇ ਆਖ਼ਰੀ ਦਿਨ ਇੰਡੀਆ ਸਕੂਲ ਆਫ ਬਿਜ਼ਨਸ (ਆਈਐਸਬੀ),ਐਸ.ਏ.ਐਸ.ਨਗਰ (ਮੋਹਾਲੀ) ਵਿਖੇ ਹੈਲਥਕੇਅਰ ਅਤੇ ਫਾਰਮਾਸਿਊਟੀਕਲ ਸੈਕਟਰ - ਉਭਰਦੇ ਸਿਹਤ ਸੰਭਾਲ ਅਤੇ ਮੈਡੀਕਲ ਈਕੋਸਿਸਟਿਮ :ਅਪ੍ਰੇਸਿੰਗ,ਅਡੈਪਟਿੰਗ,ਅਫੈਕਟਿੰਗ ਸਬੰਧੀ ਕਰਵਾਏ ਲਾਈਵ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਬਲਬੀਰ ਸਿੰਘ ਨੇ ਸੁੱਕਰਵਾਰ ਨੂੰ ਕਿਹਾ ਕਿ ਜੇਕਰ ਕੋਈ ਕੈਂਸਰ ਵਰਗੀ ਗੰਭੀਰ ਤੇ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਉਸਦੇ ਪੂਰੇ ਪਰਿਵਾਰ ਤੇ ਪੈਂਦਾ ਹੈ , ਕਈ ਵਾਰ ਹਾਲਾਤ ਇੰਨੇ ਬਦਤਰ ਹੋ ਜਾਂਦੇ ਇਲਾਜ ਲਈ ਲੋਕਾਂ ਨੂੰ ਆਪਣੇ ਘਰ ਅਤੇ ਜ਼ਮੀਨਾਂ ਵੀ ਵੇਚਣੀਆਂ ਪੈਂਦੀਆਂ ਹਨ। ਮੰਤਰੀ ਨੇ ਕਿਹਾ ਕਿ ਜਦੋਂ ਉਹਨਾਂ ਨੇ ਆਪਣਾ ਹਸਪਤਾਲ ਸ਼ੁਰੂ ਕੀਤਾ ਸੀ, ਉਸ ਸਮੇਂ ਉਨਾਂ ਕੋਲ ਸ਼ੁਰੂ ਕਰਨ ਲਈ ਕੁਝ ਵੀ ਨਹੀਂ ਸੀ, ਪਰ ਲੋੜਵੰਦ ਮਰੀਜਾਂ ਦਾ ਘਰ ਘਰ ਜਾ ਇਲਾਜ ਕੀਤਾ। ਉਨਾਂ ਕਿਹਾ, “ਮੈਂ ਅਜਿਹੇ ਲੋਕਾਂ ਦੇ ਘਰੀਂ ਜਾ ਕੇ ਵੀ ਲੋਕਾਂ ਦਾ ਮੁਫਤ ਇਲਾਜ ਕੀਤਾ ਹੈ ਜੋ ਇਲਾਜ ਨਹੀਂ ਕਰ ਸਕਦੇ ਸਨ ਅਤੇ ਉਨਾਂ ਦੀਆਂ ਅਸੀਸਾਂ ਸਦਕਾ ਹੀ ਮੈਂ ਇਸ ਅਹੁਦੇ ਤੇ ਪਹੁੰਚਿਆ ਹਾਂ।’’ ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲਾਂ ਰਾਜ ਦੇ ਸਿਹਤ ਸੰਭਾਲ ਖੇਤਰ ਦਾ ਰਾਹ ਪੱਧਰਾ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ, ਇਸੇ ਲਈ ਦਿੱਲੀ ਦੇ ਮੁਹੱਲਾ ਕਲੀਨਕਾਂ ਦੀ ਤਰਜ਼ ’ਤੇ ਪੰਜਾਬ ਵਿੱਚ ਵੀ 400 ਮੁਹੱਲਾ ਕਲੀਨਿਕ ਖੋਲ੍ਹੇ ਹਨ। ਜ਼ਿਕਰਯੋਗ ਹੈ ਕਿ ਸੂਬੇ ਕੋਲ 2000 ਤੋਂ ਵੱਧ ਮਲਟੀ-ਸਪੈਸ਼ਿਲਟੀ ਹਸਪਤਾਲ ਸਿਹਤ ਸੰਭਾਲ ਸੰਸਥਾਵਾਂ ਹਨ ਜਿਹਨਾਂ ਵਿੱਚ 23 ਜ਼ਿਲਾ ਹਸਪਤਾਲ, 41 ਉਪ-ਮੰਡਲ ਹਸਪਤਾਲ, 162 ਸੀ. ਐਚ. ਸੀਜ਼., 400 ਤੋਂ ਵੱਧ ਆਮ ਆਦਮੀ ਕਲੀਨਿਕ ਅਤੇ 524 ਸਰਕਾਰੀ ਆਯੁਰਵੈਦਿਕ ਅਤੇ ਯੂਨਾਨੀ ਡਿਸਪੈਂਸਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ, ਸੂਬੇ ਵਿੱਚ 1570 ਕੇਂਦਰਾਂ ਵਿੱਚ ਟੈਲੀਮੇਡੀਸਨ ਸੇਵਾਵਾਂ ਸਮੇਤ ਕੁੱਲ 3034 ਸਿਹਤ ਤੇ ਤੰਦਰੁਸਤੀ ਕੇਂਦਰ ਕਾਰਜਸ਼ੀਲ ਹਨ। ਉਨਾਂ ਕਿਹਾ ਕਿ ਨੀਤੀ ਆਯੋਗ ਦੀ ਸਿਹਤ ਸੂਚਕਾਂਕ ਰਿਪੋਰਟ 2021 ਮੁਤਾਬਕ ਪੰਜਾਬ ਸਿਖ਼ਰਲੇ 10 ਰਾਜਾਂ ਵਿੱਚ ਸ਼ਾਮਲ ਹੈ, ਸੂਬਾ ਸਰਕਾਰ ਵੱਲੋਂ ਹੈਲਥਕੇਅਰ ਅਤੇ ਫਾਰਮਾਸਿਊਟੀਕਲ ਦੋਵਾਂ ਦੀ ਅਹਿਮ ਖੇਤਰਾਂ ( ਥਰਸਟ ਸੈਕਟਰਾਂ) ਵਜੋਂ ਪਛਾਣ ਕੀਤੀ ਗਈ ਹੈ। ਪੰਜਾਬ ਵਿੱਚ ਡਾਕਟਰੀ ਸਿੱਖਿਆ ਵਿੱਚ ਤਬਦੀਲੀ ਦੀ ਲੋੜ ‘ਤੇ ਜੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਵਧੇਰੇ ਗਿਣਤੀ ਵਿਚ ਮਾਹਿਰ ਸਿਹਤ ਪੇਸ਼ੇਵਰਾਂ ਮੌਜੂਦ ਹਨ ਅਤੇ ਸੂਬੇ ਦੀ ਵਿੱਚ 12 ਮੈਡੀਕਲ ਕਾਲਜ (16 ਆਗਾਮੀ ਕਾਲਜ), 13 ਡੈਂਟਲ ਕਾਲਜ, 20 ਅਲਟਰਨੇਟਿਵ ਮੈਡੀਸਨ ਕਾਲਜ, ਫਾਰਮਾ ਵਿੱਚ ਡਿਪਲੋਮਾ/ ਡਿਗਰੀ ਪ੍ਰਦਾਨ ਕਰਨ ਵਾਲੀਆਂ 150 ਤੋਂ ਵੱਧ ਸੰਸਥਾਵਾਂ ਹਨ, ਜਿਹਨਾਂ ਵਿੱਚ ਹਰ ਸਾਲ ਲਗਭਗ 7000 ਵਿਦਿਆਰਥੀ ਮੈਡੀਕਲ ਗ੍ਰੈਜੂਏਟ ਹੁੰਦੇ ਹਨ। ਉਹਨਾਂ ਅੱਗੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਤੇ ਮਜਬੂਤ ਬਣਾਉਣ ਲਈ ਹੋਰ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਭਰਤੀ ਪ੍ਰਕਿਰਿਆ ਜਾਰੀ ਹੈ। ਨਿਵੇਸ਼ਕਾਂ ਨੂੰ ਸੱਦਾ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਿਹਤ ਸੰਭਾਲ ਅਤੇ ਫਾਰਮਾਸਿਊਟੀਕਲ ਸੈਕਟਰ ਤੋਂ ਇਲਾਵਾ ਪੰਜਾਬ ਵਿੱਚ ਮੈਡੀਕਲ ਟੂਰਿਜਮ ਵਿੱਚ ਨਿਵੇਸ਼ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਸੂਬਾ ਮੈਡੀਕਲ ਵੈਲਿਊ ਟੂਰਿਜਮ ਹੱਬ ਬਣਨ ਦੀ ਸਮਰੱਥਾ ਰੱਖਦਾ ਹੈ। ਉਨਾਂ ਕਿਹਾ ਕਿ ਸੂਬੇ ਵਿੱਚ ਵਿਸ਼ਵ ਪੱਧਰੀ ਮੈਡੀਕਲ ਸੰਸਥਾਵਾਂ ਅਤੇ ਪੈਰਾ-ਮੈਡੀਕਲ ਸਿਖਲਾਈ ਸਮਰੱਥਾਵਾਂ ਉਪਲਬਧ ਹਨ। ਸਿਹਤ ਸੰਭਾਲ ਖੇਤਰ ਵਿੱਚ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਇਨਾਂ ਸੰਸਥਾਵਾਂ ਦਾ ਹੋਰ ਵਿਸਥਾਰ ਕੀਤਾ ਜਾ ਸਕਦਾ ਹੈ। ਇਸ ਦੌਰਾਨ ਮੰਤਰੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਹੋਮੀ ਭਾਭਾ ਕੈਂਸਰ ਹਸਪਤਾਲ ਦੇ ਡਾਇਰੈਕਟਰ ਡਾ: ਅਸ਼ੀਸ਼ ਗੁਲੀਆ, ਟਾਇਨਰ ਆਰਥੋਟਿਕਸ ਦੇ ਐਮ.ਡੀ ਡਾ: ਪੁਸ਼ਵਿੰਦਰ ਜੀਤ ਸਿੰਘ, ਫੋਰਟਿਸ ਹਸਪਤਾਲ ਦੇ ਸੀ.ਓ.ਓ. ਅਸ਼ੀਸ਼ ਭਾਟੀਆ ਅਤੇ ਕੰਟਰੀ ਪ੍ਰੈਜੀਡੈਂਟ ਸੈਂਟਰਿਐਂਟ ਫਾਰਮਾਸਿਊਟੀਕਲਜ ਮਨੋਜ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ।