ਪੁਲਿਸ ਨੇ ਜਵੈਲਰਜ਼ ਦੇ ਸ਼ੋਅਰੂਮ 'ਤੇ ਗੋਲੀਬਾਰੀ ਦੀ ਘਟਨਾ ਦੇ ਮੁੱਖ ਦੋਸ਼ੀ ਨੂੰ ਕੀਤਾ ਗ੍ਰਿਫਤਾਰ, ਨਜਾਇਜ਼ ਹਥਿਆਰ  ਬਰਾਮਦ

  • ਪੰਜਾਬ ਪੁਲਿਸ ਵੱਲੋਂ ਗੈਂਗਸਟਰ ਅਰਸ਼ ਡੱਲਾ ਦਾ ਕਾਰਕੁਨ ਗ੍ਰਿਫ਼ਤਾਰ, ਪਿਸਤੌਲ ਬਰਾਮਦ
  • ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ 
  • ਗ੍ਰਿਫ਼ਤਾਰ ਮੁਲਜ਼ਮ ਕ੍ਰਿਸ਼ਨ ਨੇ ਗੈਂਗਸਟਰ ਅਰਸ਼ ਡੱਲਾ ਦੇ ਨਿਰਦੇਸ਼ਾਂ 'ਤੇ ਜਿਊਲਰੀ ਸ਼ੌਪ ਦੇ ਮਾਲਕ ਨੂੰ ਡਰਾਉਣ-ਧਮਕਾਉਣ ਲਈ ਦੁਕਾਨ ਨੂੰ ਬਣਾਇਆ ਸੀ ਨਿਸ਼ਾਨਾ: ਡੀਜੀਪੀ ਗੌਰਵ ਯਾਦਵ 
  • ਗ੍ਰਿਫ਼ਤਾਰ ਮੁਲਜ਼ਮ ਸੱਜੀ ਲੱਤ 'ਤੇ ਗੋਲੀ ਲੱਗਣ ਨਾਲ ਹੋਇਆ ਜਖ਼ਮੀ; ਇਲਾਜ ਲਈ ਸਿਵਲ ਹਸਪਤਾਲ ਭੇਜਿਆ: ਏਡੀਜੀਪੀ ਏਜੀਟੀਐਫ ਪ੍ਰਮੋਦ ਬੈਨ

ਚੰਡੀਗੜ੍ਹ/ਲੁਧਿਆਣਾ, 16 ਮਾਰਚ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਜਾਰੀ ਮੁਹਿੰਮ ਦੌਰਾਨ ਸੰਗਠਿਤ ਅਪਰਾਧ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਲੁਧਿਆਣਾ-ਦਿਹਾਤੀ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਜਗਰਾਉਂ ਦੇ ਲੱਡੂ ਲੇਖੇ ਵਾਲੇ ਜਿਊਲਰੀ ਸ਼ੋਅਰੂਮ ‘ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਮੁਲਜ਼ਮ, ਜਿਸਦੀ ਪਛਾਣ ਫਿਰੋਜ਼ਪੁਰ ਦੇ ਜ਼ੀਰਾ ਦੀ ਬਸਤੀ ਮਨਸੀਆਂ ਵਾਲੀ ਦੇ ਕ੍ਰਿਸ਼ਨ ਵਜੋਂ ਹੋਈ ਹੈ, ਵਿਦੇਸ਼-ਅਧਾਰਤ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦਾ ਕਾਰਕੁਨ ਹੈ। ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਪਿਸਤੌਲ ਅਤੇ ਦੋ ਕਾਰਤੂਸ ਵੀ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ 5 ਮਾਰਚ, 2025 ਨੂੰ ਜਗਰਾਉਂ ਦੇ ਲੱਡੂ ਲੇਖੇ ਵਾਲੇ ਜਿਊਲਰੀ ਸ਼ੋਅਰੂਮ ਦੇ ਮਾਲਕ ਨੂੰ ਡਰਾਉਣ-ਧਮਕਾਉਣ ਲਈ ਉਸਦੀ ਦੁਕਾਨ 'ਤੇ ਦੋ ਬਾਈਕ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸਨ ਅਤੇ ਦੁਕਾਨ ਦੇ ਮਾਲਕ ਨੂੰ ਫਿਰੌਤੀ ਲਈ ਗੈਂਗਸਟਰ ਅਰਸ਼ ਡੱਲਾ ਦਾ ਫੋਨ ਵੀ ਆਇਆ ਸੀ। ਇਸ ਸਬੰਧ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 125 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਸਿਟੀ ਜਗਰਾਉਂ, ਲੁਧਿਆਣਾ ਦਿਹਾਤੀ ਵਿਖੇ ਐਫਆਈਆਰ ਨੰਬਰ 48, ਮਿਤੀ 05-03-2025 ਦਰਜ ਕੀਤੀ ਗਈ ਸੀ।  ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਕ੍ਰਿਸ਼ਨ ਨੇ ਆਪਣੇ ਵਿਦੇਸ਼-ਅਧਾਰਤ ਹੈਂਡਲਰ ਅਰਸ਼ ਡੱਲਾ ਦੇ ਨਿਰਦੇਸ਼ਾਂ 'ਤੇ ਜਗਰਾਉਂ ਦੇ ਜਿਊਲਰੀ ਸ਼ੋਅਰੂਮ 'ਤੇ ਗੋਲੀਆਂ ਚਲਾਈਆਂ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਖੁਫੀਆ ਅਤੇ ਮਨੁੱਖੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਟੀਮਾਂ ਨੇ ਲੁਧਿਆਣਾ ਦਿਹਾਤੀ ਦੇ ਥਾਣਾ ਸਿੱਧਵਾਂ ਬੇਟ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡ ਸਦਰਪੁਰ ਦੇ ਖੇਤਰ ਵਿੱਚ ਦੋਸ਼ੀ ਕ੍ਰਿਸ਼ਨ ਦੀ ਮੌਜੂਦਗੀ ਦਾ ਪਤਾ ਲਗਾਇਆ। ਏਆਈਜੀ ਸੰਦੀਪ ਗੋਇਲ ਅਤੇ ਡੀਐਸਪੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਵਿੱਚ ਏਜੀਟੀਐਫ ਦੀਆਂ ਟੀਮਾਂ ਨੇ ਲੁਧਿਆਣਾ ਦਿਹਾਤੀ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਜਦੋਂ ਸਦਰਪੁਰ ਪਿੰਡ ਵਿੱਚ ਦੋਸ਼ੀ ਕ੍ਰਿਸ਼ਨ ਨੂੰ ਘੇਰ ਲਿਆ ਤਾਂ ਉਸਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਵਿੱਚ ਪੁਲਿਸ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਚਲਦਿਆਂ ਪੁਲਿਸ ਟੀਮਾਂ ਨੂੰ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕਰਨੀ ਪਈ। ਏਡੀਜੀਪੀ ਨੇ ਅੱਗੇ ਦੱਸਿਆ ਕਿ ਕਿ ਗੋਲੀਬਾਰੀ ਦੌਰਾਨ ਦੋਸ਼ੀ ਕ੍ਰਿਸ਼ਨ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ, ਜਿਸ ਉਪਰੰਤ ਉਸਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਟੀਮਾਂ ਨੇ ਉਸਦੇ ਕਬਜ਼ੇ ਵਿੱਚੋਂ ਇੱਕ .32 ਬੋਰ ਪਿਸਤੌਲ ਬਰਾਮਦ ਕੀਤਾ ਹੈ। ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਲੁਧਿਆਣਾ ਦਿਹਾਤੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਇਸ ਸਬੰਧੀ ਲੁਧਿਆਣਾ ਦਿਹਾਤੀ ਦੇ ਸਿੱਧਵਾਂ ਬੇਟ ਪੁਲਿਸ ਸਟੇਸ਼ਨ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 109 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਇੱਕ ਤਾਜ਼ਾ ਐਫਆਈਆਰ ਨੰਬਰ 53, ਮਿਤੀ 16-03-2025 ਦਰਜ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।