ਪੀ.ਏ.ਯੂ. ਤੋਂ ਸਿਖਲਾਈ ਹਾਸਲ ਕਰਨ ਵਾਲੀਆਂ ਔਰਤ ਉੱਦਮੀਆਂ ਨੇ ਉੱਤਰੀ ਭਾਰਤ ਦੇ ਉੱਦਮ ਮੇਲੇ ਵਿਚ ਹਿੱਸਾ ਲਿਆ

ਲੁਧਿਆਣਾ 5 ਅਗਸਤ 2024 : ਬੀਤੇ ਦਿਨੀਂ ਲੁਧਿਆਣਾ ਵਿਖੇ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਕਰਵਾਏ ਉੱਦਮ ਮੇਲੇ ਵਿਚ ਪੀ.ਏ.ਯੂ. ਤੋਂ ਸਿਖਲਾਈ ਹਾਸਲ ਔਰਤ ਉੱਦਮੀਆਂ ਨੇ ਭਾਗ ਲਿਆ। ਪੀ.ਏ.ਯੂ. ਦੇ ਉੱਦਮੀਆਂ ਐੱਮਕੈਲੀ ਇਨੋਵੇਸ਼ਨਜ਼ ਅਤੇ ਗੌਵਰੀ ਸਕਿਨ ਕੇਅਰ ਨੇ ਇਸ ਮੇਲੇ ਵਿਚ ਆਪਣੀ ਉੱਦਮ ਦਾ ਪ੍ਰਦਰਸ਼ਨ ਕੀਤਾ। ਇਸ ਮੇਲੇ ਵਿਚ ਉੱਤਰ ਭਾਰਤ ਦੀਆਂ ਉਦਯੋਗ ਉੱਦਮੀ ਔਰਤਾਂ ਸ਼ਾਮਿਲ ਹੋਈਆਂ। ਮੇਲੇ ਦੇ ਉਦਘਾਟਨੀ ਸਮਾਰੋਹ ਵਿਚ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਦੀ ਵਿਦਿਆਰਥੀ ਫੋਰਮ ਦੇ ਡਾ. ਨਰੇਸ਼ ਸਚਦੇਵ ਅਤੇ ਦੀਕਸ਼ਾ ਆਨੰਦ ਅਤੇ ਸਵਾਤੀ ਗੋਇਲ ਸ਼ਾਮਿਲ ਹੋਏ। ਪੈਨਲ ਵਿਚਾਰ ਚਰਚਾਵਾਂ ਵਿਚ ਉਦਯੋਗ ਅਤੇ ਉੱਦਮ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਉਣ ਵਾਲੀਆਂ ਔਰਤ ਉੱਦਮੀਆਂ ਨੇ ਭਾਗ ਲਿਆ ਅਤੇ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ। ਪਾਬੀ ਦੇ ਮੁੱਖ ਨਿਗਰਾਨ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਪੀ.ਏ.ਯੂ. ਤੋਂ ਸਿਖਲਾਈ ਹਾਸਲ ਕਰਕੇ ਕਾਰੋਬਾਰ ਉੱਦਮੀਆਂ ਦਾ ਇਸ ਮੇਲੇ ਵਿਚ ਸ਼ਾਮਿਲ ਹੋਣਾ ਅਤੇ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨਾ ਸਾਬਿਤ ਕਰਦਾ ਹੈ ਕਿ ਪੀ.ਏ.ਯੂ. ਦੇ ਖੇਤੀ ਉੱਦਮੀ ਸਰਮਪਣ ਅਤੇ ਹੁਨਰ ਦੇ ਮਾਮਲੇ ਵਿਚ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਹਨ। ਪਾਬੀ ਦੇ ਸਹਿ ਮੁੱਖ ਨਿਗਰਾਨ ਡਾ. ਪੂਨਮ ਸਚਦੇਵ ਨੇ ਕਿਹਾ ਕਿ ਇਸ ਖੇਤਰ ਵਿਚ ਔਰਤ ਉੱਦਮੀਆਂ ਦਾ ਅੱਗੇ ਆਉਣਾ ਬੜੇ ਮਾਣ ਵਾਲੀ ਗੱਲ ਹੈ। ਇਸ ਨਾਲ ਉਹਨਾਂ ਦਾ ਹੌਸਲਾ ਵਧਦਾ ਹੈ ਅਤੇ ਔਰਤ ਸਵੈ ਨਿਰਭਰ ਹੋਣ ਦੀ ਮਿਸਾਲ ਸਮਾਜ ਵਿਚ ਪੇਸ਼ ਕਰਦੀ ਹੈ।