ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਨਰਮੇ ਨਾਲ ਸੰਬੰਧਿਤ ਮੁਸ਼ਕਿਲਾਂ ਅਤੇ ਰਣਨੀਤੀਆਂ ਵਿਚਾਰਨ ਲਈ ਅੰਤਰਰਾਜੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ਲੁਧਿਆਣਾ 19 ਜੁਲਾਈ 2024 : ਇਕ ਵਿਸ਼ੇਸ਼ ਮੀਟਿੰਗ ਬਠਿੰਡਾ ਦੇ ਖੇਤੀ ਭਵਨ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ| ਇਸ ਮੀਟਿੰਗ ਵਿਚ ਨਰਮੇ ਦੀ ਮੌਜੂਦਾ ਫਸਲ ਨਾਲ ਸੰਬੰਧਿਤ ਦਿਕਤਾਂ ਅਤੇ ਉਹਨਾਂ ਨਾਲ ਨਜਿੱਠਣ ਦੀ ਰਣਨੀਤੀ ਬਾਰੇ ਵਿਚਾਰ ਕੀਤੀ ਗਈ| ਇਸ ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਤੋਂ ਗੰਨਾ ਕਮਿਸ਼ਨਰ ਡਾ. ਆਰ ਕੇ ਰਹੇਜਾ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਕੌਰ ਭੁੱਲਰ ਅਤੇ ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰਾਂ ਬਠਿੰਡਾ, ਫਰੀਦਕੋਟ ਅਤੇ ਅਬੋਹਰ ਤੋਂ ਇਲਾਵਾ ਸਿਰਸਾ ਦੇ ਨਰਮਾ ਖੋਜ ਬਾਰੇ ਕੇਂਦਰੀ ਸੰਸਥਾਨ ਅਤੇ ਚੌਧਰੀ ਚਰਨ ਸਿੰਘ ਖੇਤੀ ਯੂਨੀਵਰਸਿਟੀ ਹਿਸਾਰ ਦੇ ਮਾਹਿਰ ਸ਼ਾਮਿਲ ਹੋਏ| ਇਸ ਤੋਂ ਇਲਾਵਾ ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ ਅਤੇ ਅਬੋਹਰ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਭਰਵੀਂ ਗਿਣਤੀ ਵੀ ਇਸ ਮੀਟਿੰਗ ਵਿਚ ਵੇਖਣ ਨੂੰ ਮਿਲੀ| ਵਾਈਸ ਚਾਂਸਲਰ ਡਾ. ਗੋਸਲ ਨੇ ਪੰਜਾਬ ਅਤੇ ਦੇਸ਼ ਦੇ ਕੇਂਦਰੀ ਅਤੇ ਦੱਖਣੀ ਖੇਤਰਾਂ ਵਿਚ ਨਰਮੇ ਦੀ ਕਾਸ਼ਤ ਵਿਚ ਆਈ ਕਮੀ ਦਾ ਜ਼ਿਕਰ ਕੀਤਾ| ਉਹਨਾਂ ਨੇ ਉਤਪਾਦਨ ਵਿਚ ਕਮੀ ਅਤੇ ਘੱਟੋ ਘੱਟ ਸਮਰਥਨ ਮੁੱਲ ਵਰਗੇ ਵਿਸ਼ਿਆਂ ਸੰਬੰਧੀ ਵੀ ਗੱਲਬਾਤ ਕੀਤੀ| ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਡਾ. ਗੋਸਲ ਨੇ ਮਾਹਿਰਾਂ ਦੀ ਸਿਫ਼ਾਰਸ਼ ਅਨੁਸਾਰ ਸਮੇਂ-ਸਮੇਂ ਤੇ ਸਰਵੇਖਣ ਕਰਦੇ ਰਹਿਣ ਅਤੇ ਢੁੱਕਵੇਂ ਕੀਟ ਨਾਸ਼ਕਾਂ ਦੀ ਵਰਤੋਂ ਕਰਨ ਦੀ ਅਪੀਲ ਕਿਸਾਨਾਂ ਨੂੰ ਕੀਤੀ| ਡਾ. ਰਹੇਜਾ ਨੇ ਆਪਣੇ ਸਵਾਗਤੀ ਸ਼ਬਦਾਂ ਵਿਚ ਨਰਮੇ ਹੇਠ ਘਟੇ ਰਕਬੇ ਬਾਰੇ ਫਿਕਰਮੰਦੀ ਜਾਹਿਰ ਕੀਤੀ| ਉਹਨਾਂ ਕਿਹਾ ਕਿ ਖੇਤੀ ਅਧਿਕਾਰੀਆਂ ਨੂੰ ਚਿੱਟੀ ਮੱਖੀ ਸੰਬੰਧੀ ਸੁਚੇਤ ਹੋ ਕੇ ਕਿਸਾਨਾਂ ਨੂੰ ਇਸਦੀ ਰੋਕਥਾਮ ਲਈ ਜਾਗਰੂਕ ਕਰਨ ਦੀ ਲੋੜ ਹੈ| ਇਸ ਕਾਰਜ ਲਈ ਨਰਮਾ ਪੱਟੀ ਵਿਚ ਕੀੜੇ-ਮਕੌੜਿਆਂ ਤੋਂ ਜਾਣੂੰ ਕਰਵਾਉਣ ਲਈ ਨਾ ਸਿਰਫ ਸਿਖਲਾਈ ਕੈਂਪ ਲਾਏ ਜਾਣ ਬਲਕਿ ਸਰਵੇਖਣ ਦੀਆਂ ਰਿਪੋਰਟਾਂ ਵੀ ਸਾਂਝੀਆਂ ਕੀਤੀਆਂ ਜਾਣ| ਇਸ ਤੋਂ ਇਲਾਵਾ ਉਹਨਾਂ ਨੇ ਇਹਨਾਂ ਜ਼ਿਲਿ•ਆਂ ਵਿਚ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਦਾ ਭਰੋਸਾ ਵੀ ਦੁਹਰਾਇਆ| ਚਿੱਟੀ ਮੱਖੀ, ਗੁਲਾਬੀ ਸੁੰਡੀ ਅਤੇ ਪੱਤਾ ਮਰੋੜ ਬਿਮਾਰੀ ਬਾਰੇ ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਫਰੀਦਕੋਟ ਜ਼ਿਲਿ•ਆਂ ਤੋਂ ਆਈਆਂ ਖਬਰਾਂ ਉੱਪਰ ਨਿੱਠ ਕੇ ਵਿਚਾਰ-ਚਰਚਾ ਹੋਈ| ਇਸ ਮੌਕੇ ਵਿਸਥਾਰ ਨਾਲ ਗੱਲ ਕਰਦਿਆਂ ਪੀ.ਏ.ਯੂ. ਦੇ ਪ੍ਰਮੁੱਖ ਕੀਟ ਵਿਗਿਆਨੀ ਡਾ. ਵਿਜੇ ਕੁਮਾਰ ਨੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ| ਉਹਨਾਂ ਵਿਸ਼ੇਸ ਤੌਰ ਤੇ ਅਬੋਹਰ ਦੇ ਕਿਸਾਨਾਂ ਨੂੰ ਚਿੱਟੀ ਮੱਖੀ ਤੋਂ ਸੁਚੇਤ ਰਹਿਣ ਅਤੇ ਰੋਕਥਾਮ ਦੇ ਤਰੀਕਿਆਂ ਦੇ ਧਾਰਨੀ ਹੋਣ ਲਈ ਕਿਹਾ| ਮਾਨਸਾ ਅਤੇ ਬਠਿੰਡਾ ਵਿਚ ਗੁਲਾਬੀ ਸੁੰਡੀ ਬਾਰੇ ਆ ਰਹੀਆਂ ਖਬਰਾਂ ਉੱਪਰ ਵੀ ਡਾ. ਵਿਜੇ ਕੁਮਾਰ ਨੇ ਤੱਥਾਂ ਸਹਿਤ ਗੱਲ ਕੀਤੀ| ਸਿਰਸਾ ਦੇ ਨਰਮਾ ਖੋਜ ਬਾਰੇ ਕੇਂਦਰ ਸੰਸਥਾਨ ਦੇ ਮੁਖੀ ਡਾ. ਰਿਸ਼ੀ ਕੁਮਾਰ ਨੇ ਨਰਮੇ ਦੇ ਖੇਤਾਂ ਵਿਚ ਗੁਲਾਬੀ ਸੁੰਡੀ ਦੇ ਵਾਧੇ ਅਤੇ ਹੋਰ ਕੀੜਿਆਂ ਦੀਆਂ ਨਿਸ਼ਾਨੀਆਂ ਲਈ ਅਨੁਕੂਲ ਮੌਸਮੀ ਹਾਲਾਤ ਦੀ ਗੱਲ ਕੀਤੀ| ਨਾਲ ਹੀ ਉਹਨਾਂ ਨੇ ਰੋਕਥਾਮ ਦੇ ਤਰੀਕੇ ਵੀ ਦੱਸੇ| ਹਰਿਆਣਾ ਖੇਤੀ ਯੂਨੀਵਰਸਿਟੀ ਤੋਂ ਡਾ. ਅਨਿਲ ਜਾਖੜ ਨੇ ਦੱਸਿਆ ਕਿ ਜਿਥੇ ਹਰਿਆਣਾ ਵਿਚ ਚਿੱਟੀ ਮੱਖੀ ਦੀ ਮਮੂਲੀ ਹੋਂਦ ਵੇਖਣ ਨੂੰ ਮਿਲੀ ਹੈ ਉਥੇ ਪਿਛਲੇ ਸਾਲ ਦੀਆਂ ਖੇਤਾਂ ਵਿਚ ਪਈਆਂ ਛਟੀਆਂ ਤੋਂ ਗੁਲਾਬੀ ਸੁੰਡੀ ਦੀ ਲਾਗ ਦੇਖਣ ਨੂੰ ਮਿਲੀ ਹੈ| ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਫਸਲੀ ਵਿਭਿੰਨਤਾ ਵਿਚ ਵਿਸ਼ੇਸ਼ ਤੌਰ ਤੇ ਨਰਮੇ ਦੇ ਮਹੱਤਵ ਬਾਰੇ ਗੱਲ ਕੀਤੀ| ਉਹਨਾਂ ਨੇ ਗੁਲਾਬੀ ਸੁੰਡੀ ਦੀ ਰੋਕਥਾਮ ਦੇ ਨਿੱਗਰ ਯਤਨ ਕੀਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ| ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਨਰਮੇ ਦੀ ਫਸਲ ਦੇ ਪੋਸ਼ਣ ਪ੍ਰਬੰਧ ਬਾਰੇ ਗੱਲ ਕਰਦਿਆਂ ਕਿਸਾਨਾਂ ਨੂੰ ਲਗਾਤਾਰ ਸਰਵੇਖਣ ਕਰਦੇ ਰਹਿਣ ਦੀ ਸਲਾਹ ਦਿੱਤੀ| ਉਹਨਾਂ ਕਿਹਾ ਕਿ ਪੀ.ਏ.ਯੂ. ਵੱਲੋਂ ਇਸ ਦਿਸ਼ਾ ਵਿਚ ਸਿਖਲਾਈ ਦੇਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ|