ਲੁਧਿਆਣਾ 22 ਜੂਨ : ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਨੇ ਕੱਲ ਵਿਸ਼ਵ ਦਿਵਸ ਯੋਗ ਮਨਾਉਣ ਲਈ ਵਿਸ਼ੇਸ਼ ਸਮਾਗਮ ਕੀਤੇ | ਇਸ ਸੰਬੰਧੀ ਇੱਕ ਸਮਾਗਮ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਟਾਫ ਮੈਂਬਰਾਂ ਅਤੇ ਕਿਸਾਨ ਕਲੱਬ ਦੇ ਮੈਂਬਰਾਂ ਨੂੰ ਜਾਗਰੂਕ ਕਰਨ ਲਈ ਇੱਕ ਰੋਜਾ ਯੋਗ ਸਾਧਨਾ ਕੈਂਪ ਦੇ ਰੂਪ ਵਿੱਚ ਕਰਵਾਇਆ ਗਿਆ| ਇਸ ਕੈਂਪ ਵਿੱਚ ਕਿਸਾਨ ਕਲੱਬ ਦੇ ਮੈਂਬਰਾਂ ਤੋਂ ਇਲਾਵਾ 40 ਦੇ ਕਰੀਬ ਲੋਕ ਸ਼ਾਮਿਲ ਹੋਏ | ਇਸ ਮੌਕੇ ਤੇ ਡਾ ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ, ਸਕਿੱਲ ਡਿਵੈਲਪਮੈਂਟ ਸੈਂਟਰ ਨੇ ਯੋਗਾ ਨਿਗਰਾਨ ਸ਼੍ਰੀ ਨਰੇਸ਼ ਜੋਸ਼ੀ ਜੀ ਅਤੇ ਮੈਡਮ ਪ੍ਰੀਤੀ (ਰਿਸ਼ੀਕੇਸ਼ ਯੋਗਾ ਮੱਠ) ਨੂੰ ਜੀ ਆਇਆਂ ਨੂੰ ਕਿਹਾ | ਇਸ ਮੌਕੇ ਤੇ ਸ਼੍ਰੀ ਨਰੇਸ਼ ਜੋਸ਼ੀ ਨੇ ਦੱਸਿਆ ਕਿ ਯੋਗ ਕੀ ਹੈ ਅਤੇ ਅਸੀਂ ਕਿਵੇਂ ਯੋਗ ਨਾਲ ਵੱਡੀ ਤੋਂ ਵੱਡੀ ਬਿਮਾਰੀ ਨੂੰ ਜੜ੍ਹ ਚਿੰਨ੍ਹ ਤੋਂ ਖਤਮ ਕਰ ਸਕਦੇ ਹਾਂ | ਉਹਨਾਂ ਨੇ ਫਿਰ ਕਈ ਪ੍ਰਕਾਰ ਦੇ ਯੋਗ ਆਸਣ, ਪ੍ਰਾਣਯਾਮ ਅਤੇ ਯੋਗ ਸਾਧਨਾ ਵੀ ਕਰਵਾਏ| ਇਸ ਮੌਕੇ ਤੇ ਡਾ ਕਿਰਨ ਗਰੋਵਰ, ਮੁਖੀ, ਭੋਜਨ ਅਤੇ ਪੋਸ਼ਣ ਵਿਭਾਗ ਮੁੱਖ ਤੌਰ ਤੇ ਸ਼ਾਮਿਲ ਹੋਏ| ਸ਼੍ਰੀ ਨਰੇਸ਼ ਜੋਸ਼ੀ ਜੀ ਅਤੇ ਮੈਡਮ ਪ੍ਰੀਤੀ ਨੂੰ ਸਕਿੱਲ਼ ਡਿਵੈਲਪਮੈਂਟ ਸੈਂਟਰ ਵੱਲੋਂ ਸਨਮਾਨਿਤ ਚਿੰਨ੍ਹ ਵੀ ਦਿੱਤਾ ਗਿਆ| ਇਸ ਦਿਹਾੜੇ ਤੇ ਇੱਕ ਵਿਸ਼ੇਸ਼ ਸਮਾਗਮ ਤਹਿਤ ਹੋਸਟਲ ਨੰਬਰ 6 ਦੇ ਵਿਦਿਆਰਥੀਆਂ ਵੱਲੋਂ ਵਿਸ਼ਵ ਯੋਗਾ ਦਿਵਸ ਬੜੇ ਜੋਸ ਅਤੇ ਉਤਸਾਹ ਨਾਲ ਮਨਾਇਆ ਗਿਆ| ਸਿਖਲਾਈ ਸੈਸਨ ਆਰਟ ਆਫ ਲਿਵਿੰਗ ਦੇ ਦੋ ਕਾਰਕੁਨਾਂ ਕੁਮਾਰੀ ਤਮਨ ਅਤੇ ਡਾ. ਸੁਕ੍ਰਿਤੀ ਕਟਾਰੀਆ ਦੁਆਰਾ ਸੰਚਾਲਿਤ ਕੀਤਾ ਗਿਆ ਸੀ| ਵਿਦਿਆਰਥੀਆਂ ਨੇ ਨਾ ਸਿਰਫ ਵੱਖ-ਵੱਖ ਯੋਗਾ ਆਸਣ ਕੀਤੇ ਸਗੋਂ ਹਰੇਕ ਦੇ ਲਾਭਾਂ ਬਾਰੇ ਵੀ ਚਾਨਣਾ ਪਾਇਆ| ਹੋਸਟਲ ਵਾਰਡਨ, ਡਾ: ਪ੍ਰਿਆ ਕਤਿਆਲ ਨੇ ਵਿਦਿਆਰਥੀਆਂ ਨੂੰ ਊਰਜਾ ਪ੍ਰਾਪਤ ਕਰਨ ਅਤੇ ਤਣਾਅ-ਰਹਿਤ ਸਿਹਤਮੰਦ ਜੀਵਨ ਜਿਉਣ ਲਈ ਆਪਣੀ ਰੋਜਾਨਾ ਰੁਟੀਨ ਵਿੱਚ ਅਜਿਹੀਆਂ ਸਰੀਰਕ ਕਸਰਤਾਂ ਕਰਨ ਦੀ ਆਦਤ ਪਾਉਣ ਦੀ ਸਲਾਹ ਦਿੱਤੀ|ਇੱਕ ਵਿਸ਼ੇਸ਼ ਸਮਾਗਮ ਬਾਇਓਤਕਨਾਲੋਜੀ ਵਿਭਾਗ ਵੱਲੋਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਦੇ ਮਹੱਤਵ ਸੰਬੰਧੀ ਕਰਵਾਇਆ ਗਿਆ | ਬਾਇਓਤਕਾਨਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਸੁਚੇਤਾ ਸ਼ਰਮਾ ਨੇ ਯੋਗਾ ਦੇ ਮਹੱਤਵ ਬਾਰੇ ਗੱਲਬਾਤ ਕੀਤੀ | ਡਾ. ਰਿਮਲਜੀਤ ਕੌਰ ਨੇ ਯੋਗਾ ਦੇ ਆਰੰਭ ਅਤੇ ਇਤਿਹਾਸ ਸੰਬੰਧੀ ਚਾਨਣਾ ਪਾਇਆ | ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਯੋਗਾ ਦੇ ਵਿਸ਼ੇਸ਼ ਆਸਣ ਕਰਵਾਏ ਗਏ | ਕੈਮਿਸਟਰੀ ਵਿਭਾਗ ਦੇ ਡਾ. ਮਨਪ੍ਰੀਤ ਕੌਰ ਨੇ ਲਾਫਿੰਗ ਯੋਗਾ ਆਸਣ ਕਰਵਾਏ | ਡਾ. ਸੋਨਾਲੀ ਕੌਸ਼ਲ ਨੇ ਸੱਤ ਚੱਕਰਾਂ ਬਾਰੇ ਜਾਣਕਾਰੀ ਦਿੰਦਿਆਂ ਯੋਗ ਦੇ ਆਸਣਾਂ ਰਾਹੀਂ ਸਿਹਤ ਸੰਭਾਲ ਦੀ ਗੱਲ ਕੀਤੀ | ਅੰਤ ਵਿੱਚ ਧੰਨਵਾਦ ਡਾ. ਸੁਚੇਤਾ ਸ਼ਰਮਾ ਨੇ ਕੀਤਾ |