ਪੀ.ਏ.ਯੂ. ਨੇ ਰਾਸ਼ਟਰੀ ਸਾਈਕਲ ਧਾਵਕ ਸ. ਦਵਿੰਦਰ ਸਿੰਘ ਬਾਂਸਲ ਦੀ ਯਾਦ ਵਿਚ ਸਾਈਕਲ ਰੈਲੀ ਕਰਵਾਈ

ਲੁਧਿਆਣਾ 24 ਜੁਲਾਈ 2024 : ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਅੱਜ ਯੂਨੀਵਰਸਿਟੀ ਵਿਚ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ। ਇਹ ਰੈਲੀ ਪ੍ਰਸਿੱਧ ਸਾਈਕਲ ਚਾਲਕ ਅਤੇ ਰਾਸ਼ਟਰੀ ਪੱਧਰ ਦੇ ਸਾਈਕਲਿੰਗ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸ. ਦਵਿੰਦਰ ਸਿੰਘ ਬਾਂਸਲ ਦੀ ਯਾਦ ਵਿਚ ਕਰਵਾਈ ਗਈ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਡਾ. ਗੋਸਲ ਨੇ ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਅਜਿਹੇ ਆਯੋਜਨਾਂ ਲਈ ਡਾਇਰੈਕਟੋਰੇਟ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਾਈਕਲ ਦਾ ਮਹੱਤਵ ਬੀਤੇ ਸਮੇਂ ਵਿਚ ਵਧਿਆ ਹੈ ਅਤੇ ਭਵਿੱਖ ਵਿਚ ਇਸਦੇ ਹੋਰ ਵਧਣ ਦੀ ਸੰਭਾਵਨਾ ਹੈ। ਇਹ ਵਾਤਾਵਰਨ ਪੱਖੀ ਸਵਾਰੀ ਹੈ ਜਿਸ ਨਾਲ ਸਿਹਤ ਅਤੇ ਤੰਦਰੁਸਤੀ ਬਰਕਰਾਰ ਰਹਿੰਦੀ ਹੈ। ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖੇਤੀ ਵਿਗਿਆਨੀਆਂ ਦੇ ਨਾਲ-ਨਾਲ ਬਹੁਤ ਬਿਹਤਰੀਨ ਖਿਡਾਰੀ ਵੀ ਸੰਸਾਰ ਨੂੰ ਦਿੱਤੇ। ਉਹਨਾਂ ਪੀ.ਏ.ਯੂ. ਦੀ ਸਾਈਕਲਿੰਗ ਸੰਬੰਧੀ ਦੇਣ ਦਾ ਵਿਸ਼ੇਸ਼ ਜ਼ਿਕਰ ਕੀਤਾ। ਡਾ. ਗੋਸਲ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਾਈਕਲਿੰਗ ਨੂੰ ਆਪਣੀ ਰੋਜ਼ਾਨਾ ਗਤੀਵਿਧੀ ਦਾ ਹਿੱਸਾ ਬਨਾਉਣ। ਇਸ ਤੋਂ ਇਲਾਵਾ ਰੈਲੀ ਵਿਚ ਹਿੱਸਾ ਲੈਣ ਵਾਲੇ ਆਮ ਲੋਕਾਂ ਅਤੇ ਖਿਡਾਰੀਆਂ ਲਈ ਵੀ ਡਾ. ਗੋਸਲ ਨੇ ਸ਼ੁਭਕਾਮਨਾਵਾਂ ਦਿੱਤੀਆਂ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਸ ਮੌਕੇ ਕਿਹਾ ਕਿ ਬਾਂਸਲ ਪਰਿਵਾਰ ਵੱਲੋਂ ਉਹਨਾਂ ਦੇ ਪਿਆਰੇ ਪੁੱਤਰ ਦੀ ਯਾਦ ਵਿਚ ਯੂਨੀਵਰਸਿਟੀ ਵਿਖੇ ਸਾਈਕਲਿੰਗ ਨੂੰ ਵਧਾਵਾ ਦੇਣ ਲਈ 71 ਲੱਖ ਰੁਪਏ ਦੀ ਰਾਸ਼ੀ ਇਮਦਾਦ ਵਜੋਂ ਦਿੱਤੀ ਗਈ ਹੈ। ਇਹ ਰੈਲੀ ਪੀ.ਏ.ਯੂ ਕੈਂਪਸ ਨੂੰ ਹਰਿਆ ਭਰਿਆ ਅਤੇ ਸਾਫ਼-ਸੁਥਰਾ ਬਣਾਈ ਰੱਖਣ ਦੀ ਮੁਹਿੰਮ ਦੇ ਇਕ ਹਿੱਸੇ ਵਜੋਂ ਆਯੋਜਿਤ ਕੀਤੀ ਗਈ ਹੈ ਅਤੇ ਇਸਦਾ ਮੰਤਵ ਹੋਰ ਵਿਦਿਆਰਥੀਆਂ ਨੂੰ ਸਾਈਕਲ ਚਲਾਉਣ ਦੀ ਕਿਰਿਆ ਵੱਲ ਉਤਸ਼ਾਹਿਤ ਕਰਨਾ ਹੈ। ਧੰਨਵਾਦ ਦੇ ਸ਼ਬਦ ਡਾ. ਪਰਮਵੀਰ ਸਿੰਘ ਗਰੇਵਾਲ ਨੇ ਕਹੇ। ਇਸ ਮੌਕੇ ਡਾ. ਅਨੂਪ ਦੀਕਸ਼ਿਤ, ਡਾ. ਸੁਖਬੀਰ ਸਿੰਘ ਅਤੇ ਵੱਖ-ਵੱਖ ਖੇਡਾਂ ਦੇ ਕੋਚ ਅਤੇ ਡਾਇਰੈਕਟੋਰੇਟ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।