ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਵਿਚ ਐੱਮ ਬੀ ਏ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦਿੱਤੀ ਗਈ

ਲੁਧਿਆਣਾ 1 ਜੁਲਾਈ 2024 : ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ 2022-24 ਦੇ ਐੱਮ ਬੀ ਏ ਅਤੇ ਐੱਮ ਬੀ ਏ ਖੇਤੀ ਕਾਰੋਬਾਰ ਦੇ ਬੈਚ ਨੂੰ ਵਿਦਾਇਗੀ ਦਿੱਤੀ| ਨਵੇਂ ਆਏ ਵਿਦਿਆਰਥੀਆਂ ਨੇ ਪੁਰਾਣੇ ਵਿਦਿਆਰਥੀਆਂ ਨੂੰ ਬੇਹੱਦ ਭਾਵੁਕ ਅੰਦਾਜ਼ ਵਿਚ ਇਸ ਯੂਨੀਵਰਸਿਟੀ ਵਿਚ ਸਿੱਖਿਆ ਹਾਸਲ ਕਰਨ ਉਪਰੰਤ ਅਲਵਿਦਾ ਕਿਹਾ| ਇਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੀ ਜ਼ਿੰਮੇਵਾਰੀ ਅਤੇ ਕਿੱਤੇ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ| ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਾਲਜ ਦੀ ਸ਼ਾਨਦਾਰ ਰਵਾਇਤ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ| ਇਹ ਕਾਲਜ ਪੰਜਾਬ ਦੀ ਖੇਤੀ ਨੂੰ ਨਵੀਂ ਕਾਰੋਬਾਰੀ ਦਿਸ਼ਾ ਵਿਚ ਤੋਰਨ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਿਹਾ ਹੈ| ਉਹਨਾਂ ਆਸ ਪ੍ਰਗਟਾਈ ਕਿ ਇਹ ਵਿਦਿਆਰਥੀ ਜਿਸ ਵੀ ਸੰਸਥਾ ਜਾਂ ਕੰਮ ਦਾ ਹਿੱਸਾ ਬਣਨਗੇ ਉਥੇ ਹੀ ਪੀ.ਏ.ਯੂ. ਦੀ ਮਹਿਕ ਨੂੰ ਬਿਖੇਰਨਗੇ| ਉਹਨਾਂ ਨਵੇਂ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਤੋਂ ਪ੍ਰੇਰਨਾ ਲੈਣ ਲਈ ਕਿਹਾ|ਇਸ ਦੌਰਾਨ ਰੰਗਾਰੰਗ ਪ੍ਰੋਗਰਾਮ ਅਤੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿਚ ਰੈਂਪ ਵਾਕ ਅਤੇ ਕਈ ਕਿਸਮ ਦੀਆਂ ਖੇਡਾਂ ਸ਼ਾਮਿਲ ਸਨ| ਯਸ਼, ਪਰਮਵੀਰ, ਬਲਜੋਤ, ਮਨਦੀਪ, ਚਰਨਜੋਤ, ਮੁਸਕਾਨ, ਅਵੰਤਿਕਾ, ਕ੍ਰਿਤੀ ਅਤੇ ਮਨਪ੍ਰੀਤ ਨੇ ਇਹਨਾਂ ਖੇਡਾਂ ਵਿਚ ਜਿੱਤ ਹਾਸਲ ਕੀਤੀ| ਮਨੀਸਨਮ ਨੂੰ ਮਿਸ ਫੇਅਰਵੈੱਲ ਅਤੇ ਮਨਦੀਪ ਸਿੰਘ ਨੂੰ ਮਿਸਟਰ ਫੇਅਰਵੈੱਲ ਐਲਾਨਿਆ ਗਿਆ| ਸ਼੍ਰੀ ਉੱਤਮਦੀਪ ਨੂੰ ਇਸ ਸਮਾਰੋਹ ਦਾ ਸਭ ਤੋਂ ਖੁਸ਼ਮਿਜ਼ਾਜ਼ ਚਿਹਰਾ ਕਿਹਾ ਗਿਆ|