ਪੀ.ਏ.ਯੂ. ਤੋਂ ਸਿਖਲਾਈ ਹਾਸਲ ਕਰਨ ਵਾਲੇ ਉੱਦਮੀ ਨੇ ਦੋ ਲੱਤਾਂ ਵਾਲਾ ਰੋਬੋਟ ਡਿਜ਼ਾਇਨ ਕੀਤਾ

ਲੁਧਿਆਣਾ 13 ਜੂਨ : ਪੀ.ਏ.ਯੂ. ਵਿਚ ਜਾਰੀ ਪਾਬੀ ਤੋਂ ਉਦਯੋਗਿਕ ਸਿਖਲਾਈ ਹਾਸਲ ਕਰਨ ਵਾਲੇ ਪੇਬੀਟੂ ਪ੍ਰਾਈਵੇਟ ਲਿਮਿਟਡ ਨੇ ਬੀਤੇ ਦਿਨੀਂ ਦੋ ਲੱਤਾਂ ਵਾਲੇ ਰੋਬੋਟ ਦਾ ਡਿਜ਼ਾਇਨ ਰਜਿਸਟਰਡ ਕਰਵਾਇਆ| ਇਸ ਫਰਮ ਨੂੰ 4 ਜਨਵਰੀ 2024 ਨੂੰ ਪ੍ਰਮਾਣ ਪੱਤਰ ਲੜੀ ਨੰ. 172238 ਅਤੇ ਡਿਜ਼ਾਇਨ ਨੰ. 403752-001 ਪ੍ਰਦਾਨ ਕੀਤਾ ਗਿਆ| ਆਪਣੇ ਵਿਸ਼ੇਸ਼ ਡਿਜ਼ਾਇਨ ਅਤੇ ਆਕਾਰ ਦੇ ਕਾਰਨ ਪੇਬੀਟੂ ਵੱਲੋਂ ਡਿਜ਼ਾਇਨ ਕੀਤਾ ਗਿਆ ਰੋਬੋਟ ਵਿਲੱਖਣ ਹੈ| ਉਹਨਾਂ ਵੱਲੋਂ ਡਿਜ਼ਾਇਨ ਕੀਤਾ ਗਿਆ ਇਹ ਰੋਬੋਟ ਵੱਖ-ਵੱਖ ਖੇਤਰਾਂ ਵਿਚ ਕਾਰਜ ਲਈ ਸਹਾਈ ਹੋਣ ਵਾਲਾ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ਲਈ ਸੰਬੰਧਿਤ ਫਰਮ ਨੂੰ ਵਧਾਈ ਦਿੰਦਿਆਂ ਪਾਬੀ ਦੇ ਸਿਖਲਾਈ ਢਾਂਚੇ ਉੱਪਰ ਤਸੱਲੀ ਪ੍ਰਗਟਾਈ| ਉਹਨਾਂ ਕਿਹਾ ਕਿ ਇਹ ਸਮੁੱਚੀ ਟੀਮ ਦੀ ਨਿਰੰਤਰ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ| ਡਾ. ਗੋਸਲ ਨੇ ਹੋਰ ਕਾਰੋਬਾਰੀ ਉੱਦਮੀਆਂ ਨੂੰ ਵੀ ਇਸ ਦਿਸ਼ਾ ਵਿਚ ਤੁਰਨ ਅਤੇ ਪ੍ਰੇਰਿਤ ਹੋਣ ਲਈ ਕਿਹਾ| ਪਾਬੀ ਦੇ ਮੁੱਖ ਨਿਗਰਾਨ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹ ਪ੍ਰਾਪਤੀ ਪੀ.ਏ.ਯੂ. ਵੱਲੋਂ ਆਪਣੇ ਸਿਖਿਆਰਥੀਆਂ ਨੂੰ ਦਿੱਤੇ ਜਾ ਰਹੇ ਬਿਹਤਰੀਨ ਮਾਹੌਲ ਸਦਕਾ ਸੰਭਵ ਹੋਈ ਹੈ| ਉਹਨਾਂ ਨੇ ਵਿਸ਼ੇਸ਼ ਤੌਰ ਤੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਖੇਤੀ ਅਤੇ ਉਦਯੋਗਿਕ ਸਿਖਲਾਈ ਲਈ ਦਿਖਾਏ ਜਾ ਰਹੇ ਉਤਸ਼ਾਹ ਦੀ ਪ੍ਰਸ਼ੰਸ਼ਾ ਕੀਤੀ| ਪਾਬੀ ਦੇ ਸਹਿ ਨਿਗਰਾਨ ਡਾ. ਪੂਨਮ ਸਚਦੇਵ ਨੇ ਸੰਬੰਧਿਤ ਫਰਮ ਨੂੰ ਇਸ ਗੱਲ ਲਈ ਵਧਾਈ ਦਿੱਤੀ ਅਤੇ ਪੀ.ਏ.ਯੂ. ਵੱਲੋਂ ਦਿੱਤੀਆਂ ਜਾਂਦੀਆਂ ਸਿਖਲਾਈ ਉੱਪਰ ਵਿਸ਼ੇਸ਼ ਮਾਣ ਦਾ ਪ੍ਰਗਟਾਵਾ ਕੀਤਾ| ਇੰਜ. ਕਰਨਵੀਰ ਸਿੰਘ ਗਿੱਲ ਨੇ ਵੀ ਇਸ ਮੌਕੇ ਬੋਲਦਿਆਂ ਪਾਬੀ ਦੀਆਂ ਪ੍ਰਾਪਤੀਆਂ ਬਾਰੇ ਗੱਲ ਕੀਤੀ|