ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਪਿੰਡ ਬੀਹਲਾ ਵਾਸੀਆਂ ਨੂੰ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ

ਲੁਧਿਆਣਾ 24 ਜੁਲਾਈ 2024 : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਪੱਖੋਵਾਲ ਦੇ ਪਿੰਡ ਬੀਹਲਾ ਦੇ 25 ਦੇ ਕਰੀਬ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਰੁੱਖ ਲਾਉਣ ਦੀ ਮੁਹਿੰਮ ਨਾਲ ਜੋੜਿਆ। ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਹਰੇ ਭਰੇ ਭਵਿੱਖ ਲਈ ਸਾਨੂੰ ਅੱਜ ਰੁੱਖ ਲਾਉਣੇ ਜ਼ਰੂਰੀ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ ਸਾਨੂੰ ਆਪਣੀ ਧਰਤੀ ਨੂੰ ਬਹੁਤ ਸਾਰੇ ਰੁੱਖ ਲਾ ਕੇ ਸੰਭਾਲਣ ਦੀ ਲੋੜ ਹੈ। ਡਾ. ਕੁਲਦੀਪ ਸਿੰਘ ਨੇ ਪਿੰਡ ਵਾਸੀਆਂ ਨੂੰ ਰੁੱਖ ਲਾਉਣ ਦੇ ਨਾਲ-ਨਾਲ ਉਹਨਾਂ ਦੀ ਸਾਂਭ-ਸੰਭਾਲ ਲਈ ਵੀ ਪ੍ਰੇਰਿਤ ਕੀਤਾ। ਪਸਾਰ ਮਾਹਿਰ ਡਾ. ਧਰਮਿੰਦਰ ਸਿੰਘ ਨੇ ਕਿਹਾ ਕਿ ਮਾਨਸੂਨ ਦੀ ਰੁੱਤ ਰੁੱਖ ਲਾਉਣ ਦਾ ਸਹੀ ਸਮਾਂ ਹੈ। ਉਹਨਾਂ ਨੇ ਰਵਾਇਤੀ ਪੰਜਾਬ ਦੇ ਰੁੱਖਾਂ ਜਿਵੇਂ ਟਾਹਲੀ, ਨਿੰਮ, ਬੋਹੜ, ਧਰੇਕ ਅਤੇ ਪਿੱਪਲ ਲਾਉਣ ਲਈ ਕਿਹਾ। ਪਿੰਡ ਬੀਹਲਾ ਦੀ ਸਹਿਕਾਰੀ ਸੁਸਾਇਟੀ ਦੇ ਸਕੱਤਰ ਸ਼੍ਰੀ ਸੁਖਮਨ ਨੇ ਉਹਨਾਂ ਦੀ ਸੁਸਾਇਟੀ ਵੱਲੋਂ ਹਰਿਆਲੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਵਿਸ਼ੇਸ਼ ਹਵਾਲਾ ਦਿੱਤਾ। ਪਸਾਰ ਮਹਿਰ ਡਾ. ਲਖਵਿੰਦਰ ਕੌਰ ਨੇ ਅੰਤ ਵਿਚ ਧੰਨਵਾਦ ਦੇ ਸ਼ਬਦ ਕਹੇ।