ਲੁਧਿਆਣਾ, 19 ਜੂਨ, 2024 : ਪੀ ਏ ਯੂ ਨੂੰ 2024-25 ਦੌਰਾਨ ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਕੁੱਲ 5,446 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹ ਗਿਣਤੀ ਪਿਛਲੇ ਪੰਜ ਸਾਲਾਂ ਦੌਰਾਨ ਦਾਖਲੇ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਵਿਚ ਸਭ ਤੋਂ ਵੱਧ ਹਨ। ਵੇਰਵਿਆਂ ਸਹਿਤ ਗੱਲ ਕਰਦੇ ਹੋਏ ਡਾ ਰਿਸ਼ੀਪਾਲ ਸਿੰਘ, ਰਜਿਸਟਰਾਰ, ਪੀਏਯੂ ਨੇ ਦੱਸਿਆ ਕਿ ਸਾਲ 2019 ਵਿਚ 5173, 2020 ਵਿਚ 5117, 2021 ਵਿਚ 3681, 2022 ਵਿਚ 3123 ਅਤੇ 2023 ਵਿੱਚ ਕੁੱਲ 3378 ਵਿਦਿਆਰਥੀਆਂ ਨੇ ਪੰਜਾਬ, ਚੰਡੀਗੜ ਅਤੇ ਪ੍ਰਵਾਸੀ ਖੇਤਰਾਂ ਤੋਂ ਦਾਖਲੇ ਲਈ ਅਰਜ਼ੀਆਂ ਭੇਜੀਆਂ ਸਨ। ਇਸ ਸਾਲ 5,446 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜੋ ਕਿ ਪੀ ਏ ਯੂ ਵਿੱਚ ਖੇਤੀਬਾੜੀ ਸਿੱਖਿਆ ਲਈ ਵਿਦਿਆਰਥੀਆਂ ਦੇ ਵੱਧ ਰਹੇ ਰੁਝਾਨ ਦਾ ਪ੍ਰਤੀਕ ਹੈ। ਡਾ ਰਿਸ਼ੀਪਾਲ ਸਿੰਘ ਨੇ ਅੱਗੇ ਕਿਹਾ ਕੁੱਲ 3,939 ਅਤੇ 1,507 ਵਿਦਿਆਰਥੀਆਂ ਨੇ 2024-25 (3 ਜੂਨ, 2024 ਤੱਕ) ਦੌਰਾਨ ਅੰਡਰਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਅਪਲਾਈ ਕੀਤਾ ਸੀ, ਜਦੋਂ ਕਿ ਕ੍ਰਮਵਾਰ 2,037 ਅਤੇ 1,341 ਵਿਦਿਆਰਥੀਆਂ ਨੇ ਵੱਖ-ਵੱਖ ਪੀਏਯੂ ਅਕਾਦਮਿਕ ਵਿੱਚ ਦਾਖਲੇ ਲਈ ਅਰਜ਼ੀ ਦਿੱਤੀ ਸੀ। 2023-24 ਦੌਰਾਨ ਮੌਜੂਦਾ ਅਕਾਦਮਿਕ ਸੈਸ਼ਨ ਵਿੱਚ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਕ੍ਰਮਵਾਰ 1,902 ਅਤੇ 166 ਅਰਜ਼ੀਆਂ ਦਾ ਵਾਧਾ ਹੋਇਆ ਹੈ, ਜੋ ਕਿ 2,068 ਦੇ ਵੱਡੇ ਫਰਕ ਨਾਲ 3,378 ਤੋਂ ਵੱਧ ਕੇ 5,446 ਹੋ ਗਿਆ ਹੈ ਮੌਜੂਦਾ ਅਕਾਦਮਿਕ ਸੈਸ਼ਨ ਦੌਰਾਨ 61.21 ਪ੍ਰਤੀਸ਼ਤ ਦਾ ਵਾਧਾ ਹੈ ਪੋਸਟ ਗ੍ਰੇਜੂਏਟ ਲਈ 93.37 ਪ੍ਰਤੀਸ਼ਤ ਅਤੇ ਅੰਡਰ ਗ੍ਰੇਜੂਏਟ ਪ੍ਰੋਗਰਾਮਾਂ ਲਈ 12.37 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸ਼੍ਰੀ ਸਿੰਘ ਨੇ 2024-25 ਦੌਰਾਨ ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਦਾਖਲਾ ਪ੍ਰੀਖਿਆਵਾਂ ਦੇ ਵੇਰਵੇ ਸਾਂਝੇ ਕਰਦੇ ਹੋਏ, ਖੁਲਾਸਾ ਕੀਤਾ ਕਿ ਕੁੱਲ ਮਿਲਾ ਕੇ, 2,629 ਵਿਦਿਆਰਥੀਆਂ ਨੇ ਸਾਂਝਾ ਦਾਖਲਾ ਟੈਸਟ (ਸੀ.ਈ.ਟੀ.) ਲਈ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 2,264 ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਸੀਈਟੀ ਲਈ 1,108 ਮੁੰਡਿਆਂ ਅਤੇ 1,156 ਕੁੜੀਆਂ ਨੇ ਪ੍ਰੀਖਿਆ ਦਿੱਤੀ। ਇਸ ਤੋਂ ਇਲਾਵਾ ਬੱਲੋਵਾਲ ਸੌਂਖੜੀ ਦਾਖਲਾ ਪ੍ਰੀਖਿਆ (ਬੀ.ਐਸ.ਈ.ਟੀ.) ਲਈ 430 ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ, ਜਿਸ ਵਿਚੋਂ 390 ਵਿਦਿਆਰਥੀ ਹਾਜ਼ਿਰ ਹੋਏ ਸਨ। ਇਸ ਤੋਂ ਇਲਾਵਾ 664 ਵਿਦਿਆਰਥੀਆਂ ਨੇ ਐਗਰੀਕਲਚਰ ਐਪਟੀਟਿਊਡ ਟੈਸਟ ਲਈ ਹਾਜ਼ਰੀ ਭਰੀ। ਦਰਖਾਸਤਾਂ ਦੀ ਗਿਣਤੀ ਵਿੱਚ ਹੋਏ ਭਾਰੀ ਵਾਧੇ ਦੀ ਸ਼ਲਾਘਾ ਕਰਦਿਆਂ, ਡਾ: ਸਤਿਬੀਰ ਸਿੰਘ ਗੋਸਲ, ਵਾਈਸ-ਚਾਂਸਲਰ, ਪੀਏਯੂ ਨੇ ਕਿਹਾ ਕਿ ਭਾਵੇਂ ਨੌਜਵਾਨਾਂ ਦਾ ਬਦੇਸ਼ ਜਾਣ ਦਾ ਰੁਝਾਨ ਪੰਜਾਬ ਅਤੇ ਇਸਦੀ ਖੇਤੀ ਲਈ ਇੱਕ ਗੰਭੀਰ ਚਿੰਤਾ ਹੈ, ਫਿਰ ਵੀ ਪੀਏਯੂ ਵਿੱਚ ਆਪਣੇ ਵਿਸ਼ੇ ਵਜੋਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੀ ਚੋਣ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਇਸ ਗੱਲ ਦਾ ਸਬੂਤ ਹੈ ਕਿ ਵਿਦਿਆਰਥੀ ਖੇਤੀ ਸਿੱਖਿਆ ਹਾਸਿਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਖੇਤੀਬਾੜੀ ਸਿੱਖਿਆ ਦੇ ਨਾਲ-ਨਾਲ ਖੇਤੀਬਾੜੀ ਨਾਲ ਸਬੰਧਤ ਉੱਦਮਾਂ ਵਿੱਚ ਹੁਨਰ ਨੂੰ ਨਿਖਾਰ ਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਅਤੇ ਬਿਹਤਰ ਭਵਿੱਖ ਦੇ ਦਰਵਾਜ਼ੇ ਖੋਲ੍ਹਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ, ਆਪਣੇ ਉਦਯੋਗ ਜਾਂ ਖੇਤੀ ਉੱਦਮ ਸ਼ੁਰੂ ਕਰਨ ਅਤੇ ਸੂਬੇ ਵਿੱਚ ਆਪਣੀ ਰੋਜ਼ੀ-ਰੋਟੀ ਨੂੰ ਕਾਇਮ ਰੱਖਣ ਦੇ ਯੋਗ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਫਲਤਾ ਬਾਰੇ ਉਨ੍ਹਾਂ ਆਸ ਪ੍ਰਗਟਾਈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨੌਜਵਾਨ ਕਿਸਾਨ ਵਿਦੇਸ਼ਾਂ ਤੋਂ ਪਰਤਣ ਤੋਂ ਬਾਅਦ ਪੀਏਯੂ ਤੋਂ ਸੰਯੁਕਤ ਫ਼ਸਲ ਉਤਪਾਦਨ ਵਿੱਚ ਤਿੰਨ ਮਹੀਨੇ ਦੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਨੌਜਵਾਨਾਂ ਦੀ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਭਾਵਨਾ ਬੜੀ ਅਣਮੁੱਲੀ ਹੈ ਤੇ ਪੀ ਏ ਯੂ ਇਸ ਦਿਸ਼ਾ ਵਿਚ ਬਿਹਤਰੀਨ ਕਾਰਜ ਲਈ ਵਚਨਬੱਧ ਹੈ।