- ਅਣਪਛਾਤੇ ਹਮਲਾਵਰਾਂ ਨੇ ਕਥਿਤ ਤੌਰ 'ਤੇ ਚਾਕੂ ਮਾਰ ਕੇ ਕੀਤਾ ਸੀ ਕਤਲ
ਰਾਏਕੋਟ, 9 ਜੁਲਾਈ 2024 : ਰਾਏਕੋਟ ਦੇ ਨੇੜਲੇ ਪਿੰਡ ਲੋਹਟਬੱਦੀ ਦੇ ਇੱਕ ਮਨਰੇਗਾ ਮਜ਼ਦੂਰ ਪਰਿਵਾਰ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਮਨਜੋਤ ਸਿੰਘ (21) ਜੋ ਕਿ ਇੱਕ ਸਾਲ ਪਹਿਲਾਂ ਚੰਗੇ ਭਵਿੱਖ ਦੀ ਭਾਲ ਵਿੱਚ ਦੁਬਈ ਗਿਆ ਸੀ, ਨੂੰ 18 ਜੂਨ ਨੂੰ ਅਣਪਛਾਤੇ ਹਮਲਾਵਰਾਂ ਨੇ ਕਥਿਤ ਤੌਰ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਜਦੋਂ ਇਸਲਾਮੀ ਜਗਤ ਈਦ ਦੇ ਤਿਉਹਾਰ ਦੀ ਖ਼ੁਸ਼ੀ ਮਨਾ ਰਿਹਾ ਸੀ ਉਸ ਸਮੇਂ ਇਹ ਪੀੜਤ ਪਰਿਵਾਰ ਆਪਣੇ ਪੁੱਤ ਦੇ ਕਤਲ ਦੀ ਖ਼ਬਰ ਸੁਣ ਕੇ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ, ਕਿਉਂ ਕਿ ਉਹ ਆਪਣੇ ਪੁੱਤ ਦੀ ਮਿਰਤਕ ਦੇਹ ਨੂੰ ਵਾਪਸ ਪੰਜਾਬ ਲੈ ਆਉਣ ਦੇ ਸਮਰੱਥ ਵੀ ਨਹੀਂ ਹਨ | ਮਨਜੋਤ ਸਿੰਘ ਨੂੰ ਟਰੈਵਲ ਏਜੰਟ ਰਾਹੀਂ ਦੁਬਈ ਭੇਜਣ ਲਈ ਲਏ ਵੱਡੇ ਕਰਜ਼ੇ ਕਾਰਨ ਪਰਿਵਾਰ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਮ੍ਰਿਤਕ ਦੇਹ ਲਿਆਉਣ ਲਈ ਪੈਸਿਆਂ ਦਾ ਪ੍ਰਬੰਧ ਕਰਨਾ ਵੀ ਬਜ਼ੁਰਗ ਮਾਪਿਆਂ ਲਈ ਚੁਣੌਤੀ ਬਣਿਆ ਹੋਇਆ ਹੈ। ਪਿੰਡ ਦੇ ਲੰਬੜਦਾਰ ਆਤਮਾ ਸਿੰਘ ਦੀ ਅਗਵਾਈ ਹੇਠ ਵਸਨੀਕਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਉਣ ਅਤੇ ਲਾਸ਼ ਨੂੰ ਪੰਜਾਬ ਲੈ ਕੇ ਆਉਣ 'ਚ ਮੱਦਦ ਕੀਤੀ ਜਾਵੇ | ਦਲਬਾਗ ਸਿੰਘ ਅਤੇ ਉਸ ਦੀ ਪਤਨੀ ਭਿੰਦਰ ਕੌਰ ਉਸ ਸਮੇਂ ਨੂੰ ਕੋਸ ਰਹੇ ਹਨ ਜਦੋਂ ਉਨ੍ਹਾਂ ਨੇ ਆਪਣੇ ਇਕਲੌਤੇ ਪੁੱਤਰ ਮਨਜੋਤ ਸਿੰਘ ਨੂੰ ਕਰੀਬ 14 ਮਹੀਨੇ ਪਹਿਲਾਂ ਦੁਬਈ ਦੀ ਇਕ ਪ੍ਰਾਈਵੇਟ ਕੰਪਨੀ ਵਿਚ ਕਲੀਨਰ ਵਜੋਂ ਆਪਣਾ ਪੇਸ਼ੇਵਰ ਕਰੀਅਰ ਸ਼ੁਰੂ ਕਰਕੇ ਯੂ.ਏ.ਈ. ਵਿਚ ਚੰਗੇ ਭਵਿੱਖ ਦੀ ਭਾਲ ਵਿਚ ਜਾਣ ਦਿੱਤਾ। ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਲੰਬੜਦਾਰ ਆਤਮਾ ਸਿੰਘ ਲੋਹਟਬੱਦੀ ਨੇ ਦੱਸਿਆ ਕਿ ਉਨ੍ਹਾਂ ਨੇ 20 ਜੂਨ ਨੂੰ ਘਟਨਾ ਦਾ ਪਤਾ ਲੱਗਣ 'ਤੇ ਮ੍ਰਿਤਕ ਦੇ ਦੋਸਤਾਂ ਨਾਲ ਤਾਲਮੇਲ ਕੀਤਾ ਸੀ, ਜਿਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ ਕਿ ਮਨਜੋਤ ਸਿੰਘ ਦੀ ਲਾਸ਼ ਦੁਬਈ ਦੇ ਇਕ ਹਸਪਤਾਲ ਵਿਚ ਪਈ ਸੀ। ਲੋਹਟਬੱਦੀ ਨੇ ਕਿਹਾ, “ਕਿਉਂਕਿ ਦਿਲਬਾਗ ਸਿੰਘ ਅਤੇ ਉਸ ਦੀ ਪਤਨੀ ਦੀ ਦੇਖਭਾਲ ਕਰਨ ਲਈ ਘਰ ਵਿੱਚ ਕੋਈ ਨਹੀਂ ਸੀ, ਇਸ ਲਈ ਮਾਪਿਆਂ ਨੂੰ ਮਨਜੋਤ ਸਿੰਘ ਦੀ ਮੌਤ ਦੀ ਖਬਰ ਬਾਰੇ ਸਪਸ਼ਟ ਨਹੀਂ ਦੱਸਿਆ ਤੇ ਉਹ ਲਾਸ਼ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ| ਲੋਹਟਬੱਦੀ ਨੇ ਕਿਹਾ ਕਿ ਮਾਪਿਆਂ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਮਨਜੋਤ ਸਿੰਘ ਜ਼ਖਮੀ ਹੋ ਗਿਆ ਸੀ।ਮ੍ਰਿਤਕ ਦੀ ਵੱਡੀ ਭੈਣ ਪਹਿਲਾਂ ਹੀ ਵਿਆਹੀ ਹੋਈ ਹੈ ਤੇ ਮਿਰਤਕ ਮਨਜੋਤ ਸਿੰਘ ਦੇ ਪਰਿਵਾਰ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ| ਦੁਖੀ ਪਰਿਵਾਰ ਨੇ ਯੂਏਈ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਉਨ੍ਹਾਂ ਦੇ ਪੁੱਤਰ ਦੇ ਹੋਏ ਕਤਲ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਦੌਰਾਨ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਬੋਪਾਰਾਏ ਨੇ ਇਹ ਮੁੱਦਾ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰੀ ਡਾ: ਐੱਸ ਜੈਸ਼ੰਕਰ ਕੋਲ ਉਠਾਉਣ ਦਾ ਦਾਅਵਾ ਕੀਤਾ। ਬੋਪਾਰਾਏ ਨੇ ਕਿਹਾ, “ਪਰਿਵਾਰ ਦੁਆਰਾ ਦੋਹਰੀ ਮਾਰ ਝੱਲਣ ਬਾਰੇ ਪਤਾ ਲੱਗਣ ਤੋਂ ਬਾਅਦ ਮੈਂ ਮੰਤਰੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਲਾਸ਼ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਦੁਬਈ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨਗੇ|