ਨਗਰ ਨਿਗਮ ਵੱਲੋਂ 'ਆਜੀਵੀਕਾ ਮੇਲੇ' ਦਾ ਆਯੋਜਨ

ਲੁਧਿਆਣਾ : ਨਗਰ ਨਿਗਮ ਲੁਧਿਆਣਾ ਵਲੋਂ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਹੁਕਮਾਂ ਅਨੁਸਾਰ ਅਤੇ ਜੁਆਇੰਟ ਕਮਿਸ਼ਨਰ, ਮੈਡਮ ਪੂਨਮਪ੍ਰੀਤ ਕੌਰ ਦੀ ਅਗਵਾਈ ਵਿੱਚ ਅੱਜ 7 ਅਕਤੂਬਰ ਤੋਂ 16 ਅਕਤੂਬਰ (ਸਮਾਂ ਸਵੇਰੇ 11 ਵਜੇ ਤੋਂ ਸ਼ਾਂਮ 4 ਵਜੇ) ਤੱਕ ਰੱਖ-ਬਾਗ (ਨੇੜੇ ਲੱਕੜ ਪੁੱਲ, ਸਿਵਲ ਲਾਈਨਜ਼, ਲੁਧਿਆਣਾ) ਵਿੱਚ 'ਆਜੀਵੀਕਾ ਮੇਲਾ' ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਡੇ-ਨੂਲਮ ਦੇ ਅਧੀਨ ਬਣੇ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਦੁਆਰਾ ਬਣਾਏ ਹੋਏ ਪ੍ਰੋਡੱਕਟਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਜਿਸ ਵਿੱਚ 25 ਸੈਲਫ ਹੈਲਪ ਗਰੁੱਪਾਂ ਦੁਆਰਾ ਭਾਗ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਪੰਜਾਬੀ ਲੋਕ ਆਈਟਮਾਂ ਫੁਲਕਾਰੀਆਂ, ਦਰੀਆਂ, ਪੱਖੀਆਂ, ਨਾਲੇ, ਕਰੋਸ਼ੀਏ ਨਾਲ ਬੁਣੇ ਹੋਏ ਬੱਚਿਆਂ ਦੇ ਕੱਪੜੇ, ਦਸਤਾਨੇ, ਮੌਜੇ, ਹੱਥ ਨਾਲ ਬੁਣੀਆਂ ਹੋਈਆਂ ਚਾਦਰਾਂ, ਸਿਰਹਾਣੇ, ਹਰ ਤਰ੍ਹਾਂ ਦੇ ਅਚਾਰ, ਬੇਕਰੀ ਪ੍ਰੋਡਕਟ, ਹੱਥਾਂ ਨਾਲ ਤਿਆਰ ਕੀਤਾ ਹੌਜਰੀ ਦਾ ਸਮਾਨ, ਫੈਂਸੀ ਡਰੈਸਾਂ, ਬਿਊਟੀ ਅਤੇ ਹਰਬਲ ਪ੍ਰੋਡਕਟ, ਮਨਿਆਰੀ ਦਾ ਸਮਾਨ ਅਤੇ ਹੱਥਾਂ ਨਾਲ ਬਣਾਈ ਹੋਈ ਜਿਊਲਰੀ ਵੀ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ 18 ਦਸੰਬਰ ਤੋਂ 19 ਦਸੰਬਰ 2021 ਵਿੱਚ ਡੇ-ਨੂਲਮ ਅਧੀਨ ਬਣੇ ਸੈਲਫ ਹੈਲਪ ਗਰੁੱਪ ਦੇ ਮੈਬਰਾਂ ਦੁਆਰਾ ਬਣਾਏ ਹੋਏ ਪ੍ਰੋਡਕਟਾਂ ਦਾ ਰੱਖ-ਬਾਗ ਵਿੱਚ ਵਿੰਟਰ ਮੇਲਾ ਲਗਾਇਆ ਗਿਆ ਸੀ। ਇਹਨਾਂ ਦੋ ਦਿਨ੍ਹਾਂ ਵਿੱਚ ਗਰੁੱਪ ਮੈਂਬਰਾਂ ਨੂੰ ਲੱਗਭੱਗ 1 ਲੱਖ ਰੁਪਏ ਦੀ ਆਮਦਨ ਹੋਈ ਸੀ। ਨਗਰ ਨਿਗਮ, ਲੁਧਿਆਣਾ ਵਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਅਜੀਵੀਕਾ ਮੇਲੇ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਮੇਲੇ ਵਿੱਚ ਪਹੁੰਚ ਕੇ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਦੁਆਰਾ ਬਣਾਏ ਹੋਏ ਪ੍ਰੋਡਕਟਾਂ ਨੂੰ ਦੇਖਿਆ ਜਾਵੇ ਅਤੇ ਉਹਨਾਂ ਨੂੰ ਹੋਰ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 95920-76613 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।