
- ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਸ.ਸੇਖੋਂ, ਡੀ.ਸੀ ਤੇ ਚੇਅਰਮੈਨ ਢਿੱਲਵਾਂ ਨੇ ਕੀਤੀ ਸ਼ਿਰਕਤ
ਫ਼ਰੀਦਕੋਟ 07 ਮਾਰਚ 2025 : ਬਾਬਾ ਫ਼ਰੀਦ ਯੂਨੀਵਰਸਿਟੀ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਫ਼ਰੀਦਕੋਟ ਵੱਲੋਂ ਡਾਟਾ ਵਿਜ਼ੂਲਾਈਜੇਸ਼ਨ ਇਨ ਹੈਲਥ ਕੇਅਰ ਰਿਸਰਚ ਵਿਸ਼ੇ ਉੱਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਐਮ.ਐਲ.ਏ ਸ.ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਮੈਡਮ ਪੂਨਦੀਪ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਇੰਸ ਤੇ ਤਕਨਾਲੋਜੀ ਬਹੁਤ ਜ਼ਿਆਦਾ ਐਡਵਾਸ ਹੋ ਚੁੱਕੀ ਹੈ । ਉਨ੍ਹਾਂ ਕਿਹਾ ਕਿ ਅੱਜ ਕੱਲ ਅਜਿਹੀਆਂ ਮਸ਼ੀਨਾਂ ਆ ਚੁੱਕੀਆਂ ਹਨ ਜੋ ਐਪ ਰਾਹੀਂ ਵਰਤੀਆਂ ਜਾਂਦੀਆਂ ਹਨ, ਉਹ ਤੁਹਾਡਾ ਚਿਹਰਾ ਦੇਖ ਕੇ ਹੀ ਤੁਹਾਡੇ ਸਟਰੈਸ ਲੈਵਲ, ਬੀ.ਪੀ.ਸ਼ੂਗਰ ਲੈਵਲ,ਹੀਮੋਗਲੋਬਿਨ ਕਿੰਨਾ ਹੈ ਇਹ ਸਭ ਬਿਨਾਂ ਟੈਸਟ ਤੋਂ ਪਤਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਡਾਟਾ ਦੀ ਮਹੱਤਤਾ ਬਹੁਤ ਜ਼ਿਆਦਾ ਹੈ । ਉਨ੍ਹਾਂ ਕਿਹਾ ਕਿ ਡਾਟਾ ਵਿਜ਼ੂਲਾਈਜੇਸ਼ਨ ਨਾਲ ਮੈਡੀਕਲ ਖੇਤਰ ਵਿੱਚ ਕੰਮ ਨੂੰ ਵਧੀਆ ਤਰੀਕੇ ਨਾਲ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਹਰ ਰੋਜ ਕਿੰਨੇ ਮਰੀਜ ਹਸਪਤਾਲ ਵਿਖੇ ਆਏ। ਉਨ੍ਹਾਂ ਵਿੱਚੋਂ ਕਿੰਨੇ ਮਰੀਜ ਸ਼ੂਗਰ ਦੇ ਹਨ, ਕਿੰਨੀਆਂ ਗਰਭਵਤੀ ਔਰਤਾਂ, ਬੱਚੇ ਅਤੇ ਕਿੰਨੇ ਮਰੀਜ ਪਹਿਲੀ ਵਾਰ ਚੈਕਅੱਪ ਲਈ ਆਏ ਹਨ,ਇਸ ਸਭ ਦੀ ਜਾਣਕਾਰੀ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਕਿਹੜੇ ਡਾਕਟਰ ਆਏ ਹਨ ਜਾਂ ਕਿਹੜੇ ਨਹੀਂ ਆਏ ਇਹ ਜਾਣਕਾਰੀ ਵੀ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਇਹ ਡਾਟਾ ਨਰਸ ਤੋਂ ਲੈ ਕੇ ਫਾਰਮਾਸਿਸਟ ਤੱਕ ਵੀ ਉਪਲਬੱਧ ਹੋਵੇਗਾ। ਫਾਰਮਾਸਿਸਟ ਨੂੰ ਵੀ ਪਤਾ ਹੋਵੇਗਾ ਕਿ ਕਿਹੜੇ ਹਸਪਤਾਲ ਵਿੱਚ ਕਿਹੜੀ ਦਵਾਈ ਦਿੱਤੀ ਗਈ ਹੈ , ਉਸ ਦੇ ਵੇਅਰਹਾਊਸ ਵਿੱਚ ਕਿੰਨੀ ਦਵਾਈ ਦਾ ਸਟਾਕ ਹੈ। ਇਸ ਤਰੀਕੇ ਨਾਲ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਹਸਪਤਾਲ ਦਾ ਮੈਨੇਜਮੈਟ ਵੀ ਵਧੀਆ ਤਰੀਕੇ ਨਾਲ ਚੱਲੇਗਾ। ਇਸ ਮੌਕੇ ਚੇਅਰਮੈਨ ਪਲਾਨਿੰਗ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕੈਂਸਰ, ਅਨੀਮੀਆ ਆਦਿ ਦੇ ਮਰੀਜਾਂ ਤੋਂ ਇਲਾਵਾ ਹੋਰ ਬਿਮਾਰੀਆਂ ਨਾਲ ਸਬੰਧਤ ਵੀ ਮਰੀਜ਼ ਹਨ, ਉਨ੍ਹਾਂ ਦਾ ਡਾਟਾ ਉਪਲੱਬਧ ਹੈ । ਇਸ ਰਾਹੀਂ ਬਿਮਾਰੀ ਦੀ ਪਛਾਣ, ਬਿਮਾਰੀਆਂ ਕਿਵੇਂ ਸ਼ੁਰੂ ਹੁੰਦੀ ਹੈ, ਕਿਸ ਉਮਰ ਵਰਗ ਵਿੱਚ ਜ਼ਿਆਦਾ ਹੁੰਦੀਆਂ ਹਨ ਇਸ ਸਬੰਧੀ ਡਾਟੇ ਨੂੰ ਪਾਲਿਸੀ ਦੇ ਰੂਪ ਵਿੱਚ ਲਿਆ ਕੇ ਕੰਮ ਕਿਵੇਂ ਕਰਨਾ ਹੈ ਤਾਂ ਜੋ ਸਮਾਜ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਟੈਕਨੀਕਲ ਭਾਸ਼ਾ ਵਿੱਚ ਇਸ ਨੂੰ ਡਾਟਾ ਟੂ ਡਸੀਜਨ ਕਿਹਾ ਜਾਂਦਾ ਹੈ।ਇਸ ਨਵੇਂ ਤਰੀਕੇ ਨੂੰ ਅਪਣਾ ਕੇ ਸਰਕਾਰ ਦੀ ਵੀ ਮੱਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸਿਹਤ ਨਾਲ ਸਬੰਧਤ ਵਿਸ਼ੇ ਤੇ ਵਰਕਸ਼ਾਪ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਿਆ,ਖੇਡਾਂ ਆਦਿ ਲਈ ਵੀ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਗੈਸਟ ਆਫ ਆਨਰ ਡਾ. ਉਰਵਿਸ਼ੀ ਗਰੋਵਰ ਅਤੇ ਆਰਗੇਨਾਈਜ਼ਿੰਗ ਸੈਕਟਰੀ ਮਿਸ. ਅਰਚਨਾ ਸ਼ਾਹੀ ਬਜਾਜ਼, ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ, ਚੇਅਰਮੈਨ ਮਾਰਕਿਟ ਕਮੇਟੀ ਰਮਨਦੀਪ ਸਿੰਘ ਮੁਮਾਰਾ, ਸ੍ਰੀ ਮਨਦੀਪ ਮੌਂਗਾ ਸੈਕਟਰੀ ਰੈਡ ਕਰਾਸ ਆਦਿ ਹਾਜ਼ਰ ਸਨ।