ਰਵਾਇਤੀ ਫਸਲੀ ਚੱਕਰ ਛੱਡ ਕੇ ਫਸਲੀ ਵਿਭਿੰਨਤਾ ਅਪਣਾਉਣਾ ਸਮੇਂ ਦੀ ਲੋੜ

ਮਾਲੇਰਕੋਟਲਾ 07 ਮਾਰਚ 2025 : ਡਿਪਟੀ ਕਮਿਸ਼ਨਰ ਵਿਰਾਜ.ਐਸ.ਤਿੜਕੇ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਹਿਮਦਗੜ੍ਹ ਦੀ ਟੀਮ ਵੱਲੋਂ  ਫ਼ਸਲੀ ਵਿਭਿੰਨਤਾ ਲਿਆਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ  ਕਰਨ ਲਈ ਪਿੰਡ ਫਲੋਡ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਖੇਤੀਬਾੜੀ ਉਪ ਨਿਰਿਖਕ ਹਰਵਿੰਦਰ ਸਿੰਘ ਖੇਤੀਬਾੜੀ ਨੇ ਦੱਸਿਆ ਕਿ ਕਿਸਾਨ ਝੋਨਾ ਅਤੇ ਕਣਕ ਤੋਂ ਇਲਾਵਾ ਹੋਰ ਫਸਲਾਂ ਬੀਜ ਕੇ ਜਿੱਥੇ ਆਪਣੀ ਆਮਦਨ ਚ ਵਾਧਾ ਕਰ ਸਕਦੇ ਹਨ, ਉੱਥੇ ਹੀ ਵਾਤਾਵਰਨ ਨਾਲ ਸਬੰਧਿਤ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ  ਰਵਾਇਤੀ ਫਸਲੀ ਚੱਕਰ ਨੂੰ ਛੱਡ ਕੇ ਆਪਣੀ ਜਮੀਨ ਨੂੰ ਦੇਖਦੇ ਹੋਏ ਢੁੱਕਵੀਂ ਫਸਲ ਹੀ ਬੀਜਣੀ ਚਾਹੀਦੀ ਹੈ। ਅੱਜ ਦੇ ਸਮੇਂ ਦੀ ਮੰਗ ਹੈ ਕਿ ਕਣਕ-ਝੋਨੇ ਦੇ ਫ਼ਸਲੀ ਚੱਕਰ ਹੇਠੋਂ ਕੁਝ ਰਕਬਾ ਘਟਾ ਕੇ ਹੋਰ ਫ਼ਸਲੀ ਚੱਕਰਾਂ ਅਧੀਨ ਰਕਬਾ ਵਧਾਇਆ ਜਾਵੇ, ਜਿਸ ਨਾਲ ਕਿਸਾਨ ਦੇ ਮੁਨਾਫ਼ੇ ਵਿੱਚ ਵੀ ਵਾਧਾ ਹੋਵੇ। ਉਨਾਂ ਹੋਰ ਦੱਸਿਆ ਕਿ ਅਜੋਕੇ ਸਮੇਂ ਵਿੱਚ  ਮੱਕੀ ਦੀ ਡਿਮਾਂਡ ਕਾਫੀ ਵੱਧ  ਰਹੀ ਹੈ। ਮੱਕੀ ਇੱਕ ਚੰਗਾ ਝਾੜ ਦੇਣ ਵਾਲੀ ਫਸਲ ਹੈ। ਉਹਨਾਂ ਨੇ ਦੱਸਿਆ ਕਿ ਈਥੇਨੋਲ ਪਲਾਟ, ਮੱਕੀ ਦਾ ਅਚਾਰ ਤਿਆਰ ਕਰਨ ਵਾਲੀਆ ਕੰਪਨੀਆਂ, ਵੱਡੇ ਡੇਅਰੀ ਫਾਰਮਾ ਅਤੇ ਗਾਊਸ਼ਾਲਾ ਵਲੋ ਮੱਕੀ ਦੀ ਵੱਡੇ ਪੱਧਰ ਤੇ ਡਿਮਾਂਡ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਮੱਕੀ ਦਾ ਆਚਾਰ ਦੁਧਾਰੂ ਪਸ਼ੂਆਂ ਲਈ ਵਧੀਆ ਖੁਰਾਕ ਹੈ ਅਤੇ ਮੱਕੀ ਦੇ ਅਚਾਰ ਨਾਲ ਪਸ਼ੂਆਂ ਵਿੱਚ ਦੁੱਧ ਦੇਣ ਦੀ ਸਮੱਰਥਾ ਵੀ ਵੱਧ ਜਾਂਦੀ ਹੈ। ਇਸ ਕੈਂਪ ਵਿੱਚ ਤਰਨਦੀਪ ਸਿੰਘ ਤੋਂ ਇਲਾਵਾ ਹੋਰ ਅਗਾਹ ਵਧੂ ਕਿਸਾਨ ਵੀ ਹਾਜਰ ਰਹੇ।