ਲੁਧਿਆਣਾ, 07 ਮਾਰਚ : ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਸਥਾਨਕ ਨੌਘਾਰਾ ਮੁਹੱਲਾ ਵਿਖੇ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਤੱਕ ਸਿੱਧੀ ਪਹੁੰਚ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਬੀਤੇ ਕੱਲ੍ਹ ਉਨ੍ਹਾਂ ਸੈਸ਼ਨ ਦੌਰਾਨ ਡਾ. ਬੀ.ਆਰ. ਅੰਬੇਦਕਰ ਨਗਰ ਦੀ ਕਲੋਨੀ ਨੂੰ ਰੈਗੂਲਰ ਕਰਨ ਦਾ ਮੁੱਦਾ ਵੀ ਆਪਣੀ ਬੁਲੰਦ ਆਵਾਜ਼ ਨਾਲ ਚੁੱਕਿਆ ਸੀ। ਵਿਧਾਇਕ ਸਿੱਧੂ ਵਲੋਂ ਅੱਜ ਬਜਟ ਸੈਸ਼ਨ ਦੌਰਾਨ ਸਥਾਨਕ ਨੌਘਾਰਾ ਮੁਹੱਲਾ ਵਿਖੇ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਤੱਕ ਸਿੱਧੀ ਪਹੁੰਚ ਬਣਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਰਿਵਾਇਤੀ ਪਾਰਟੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਵਲੋਂ ਇਸ ਮੰਗ ਨੂੰ ਹਮੇਸ਼ਾਂ ਅਣਗੋਲਿਆਂ ਕੀਤਾ ਹੈ। ਬੀਤੇ ਕੱਲ੍ਹ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੀ ਸ਼ੁਕਰਗੁਜਾਰ ਹਨ ਜਿਨ੍ਹਾਂ ਸੀਵਰਮੈਨ ਤੇ ਸਫਾਈ ਸੇਵਕਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਉਨ੍ਹਾਂ ਨੂੰ ਪੱਕਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਲਕਾ ਆਤਮ ਨਗਰ ਅਧੀਨ ਡਾ. ਬੀ.ਆਰ. ਅੰਬੇਦਕਰ ਨਗਰ ਵਿਖੇ ਕਰੀਬ 27 ਏਕੜ ਰਕਬਾ ਪੈਂਦਾ ਹੈ ਜਿੱਥੇ ਵਸਨੀਕਾਂ ਵਲੋਂ ਬਿਜਲੀ ਅਤੇ ਪਾਣੀ ਦੇ ਬਿੱਲਾਂ ਦੀ ਵੀ ਅਦਾਇਗੀ ਕੀਤੀ ਜਾ ਰਹੀ ਹੈ ਪਰੰਤੂ ਉਹ ਆਪਣੇ ਘਰਾਂ ਦੇ ਮਾਲਕਾਨਾਂ ਹੱਕ ਤੋਂ ਬਾਂਝੇ ਹਨ। ਉਨ੍ਹਾਂ ਸਪੀਕਰ ਸੰਧਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਗਰੀਬ ਲੋਕਾਂ ਨੂੰ ਮਾਲਕਾਨਾਂ ਹੱਕ ਦੇਣ ਦਾ ਰਾਹ ਪੱਧਰਾ ਕੀਤਾ ਜਾਵੇ। ਵਿਧਾਇਕ ਸਿੱਧੂ ਵੱਲੋਂ ਆਪਣੇ ਹਲਕਾ ਆਤਮ ਨਗਰ ਪ੍ਰਤੀ ਸੰਵੇਨਸ਼ੀਲਤਾ ਬਾਰੇ ਲੋਕਾਂ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ ਜਿਨ੍ਹਾਂ ਪਹਿਲੀ ਵਾਰ ਵਿਧਾਇਕ ਦਾ ਅਹੁੱਦਾ ਸੰਭਾਲਦਿਆਂ ਹਲਕੇ ਦੇ ਮੁੱਦਿਆਂ ਨੂੰ ਸੈਸ਼ਨ ਦੌਰਾਨ ਜ਼ੋਰ-ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ।