ਵਿਧਾਇਕ ਪਰਾਸ਼ਰ, ਨਗਰ ਨਿਗਮ ਕਮਿਸ਼ਨਰ ਨੇ ਦਹਾਕਿਆਂ ਪੁਰਾਣੀਆਂ ਖੁੱਲ੍ਹੀਆਂ ਡੰਪ ਸਾਈਟਾਂ ਨੂੰ ਹਟਾਉਣ ਲਈ ਸਟੈਟਿਕ ਕੰਪੈਕਟਰਾਂ ਦਾ ਕੀਤਾ ਉਦਘਾਟਨ 

  • ਲੁਧਿਆਣਾ ਕੇਂਦਰੀ ਹਲਕੇ ਵਿੱਚ 6 ਥਾਵਾਂ 'ਤੇ ਲਗਾਏ ਜਾ ਰਹੇ ਹਨ ਸਟੈਟਿਕ ਕੰਪੈਕਟਰ 

ਲੁਧਿਆਣਾ, 19 ਫਰਵਰੀ : ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਸੋਮਵਾਰ ਨੂੰ ਚੀਮਾ ਚੌਕ ਨੇੜੇ ਕਰੀਬ 2 ਕਰੋੜ ਰੁਪਏ ਦੀ ਲਾਗਤ ਵਾਲੀ ਸਟੈਟਿਕ ਕੰਪੈਕਟਰ ਸਾਈਟ ਦਾ ਉਦਘਾਟਨ ਕਰਨ ਦੇ ਨਾਲ ਕੂੜੇ ਦੇ ਖੁੱਲ੍ਹੇ ਡੰਪ ਜਲਦੀ ਹੀ ਅਤੀਤ ਦੀ ਗੱਲ ਹੋ ਜਾਣਗੇ। ਚੀਮਾ ਚੌਂਕ ਕੋਲ ਲੱਗੇ ਸਟੈਟਿਕ ਕੰਪੈਕਟਰ ਲੁਧਿਆਣਾ ਕੇਂਦਰੀ ਹਲਕੇ ਦੇ ਚੀਮਾ ਚੌਕ, ਮੁਸ਼ਤਾਕ ਗੰਜ, ਇੰਡਸਟਰੀ ਏਰੀਆ-ਏ ਸਮੇਤ ਹੋਰ ਇਲਾਕਿਆਂ ਵਿੱਚ ਦਹਾਕਿਆਂ ਪੁਰਾਣੀਆਂ ਖੁੱਲ੍ਹੀਆਂ ਡੰਪ ਸਾਈਟਾਂ ਨੂੰ ਹਟਾਉਣ ਲਈ ਲਾਹੇਵੰਦ ਸਾਬਤ ਹੋਣਗੇ। ਵਿਧਾਇਕ ਪਰਾਸ਼ਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ। ਕੁੱਲ ਮਿਲਾ ਕੇ, ਲਗਭਗ 33.50 ਕਰੋੜ ਰੁਪਏ (ਸਿਵਲ ਅਤੇ ਮਕੈਨੀਕਲ ਲਾਗਤ ਸਮੇਤ) ਦੀ ਲਾਗਤ ਨਾਲ ਸ਼ਹਿਰ ਭਰ ਵਿੱਚ 22 ਥਾਵਾਂ 'ਤੇ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ। ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਲੁਧਿਆਣਾ ਕੇਂਦਰੀ ਹਲਕੇ ਵਿੱਚ ਛੇ ਥਾਵਾਂ ’ਤੇ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ। ਇਹ ਚੀਮਾ ਚੌਕ ਤੋਂ ਇਲਾਵਾ ਫੀਲਡ ਗੰਜ, ਪ੍ਰਤਾਪ ਚੌਕ, ਖਵਾਜਾ ਕੋਠੀ ਚੌਕ, ਦਰੇਸੀ (ਸ਼ਮਸ਼ਾਨਘਾਟ ਨੇੜੇ) ਅਤੇ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਵੀ ਲਗਾਏ ਜਾ ਰਹੇ ਹਨ। ਵਿਧਾਇਕ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਘਰਾਂ ਵਿੱਚੋਂ ਇਕੱਠਾ ਹੋਇਆ ਕੂੜਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਸੈਕੰਡਰੀ ਡੰਪਿੰਗ ਸਾਈਟਾਂ ’ਤੇ ਖੁੱਲ੍ਹੇ ਵਿੱਚ ਸੁੱਟਿਆ ਜਾਂਦਾ ਹੈ। ਇਸ ਤੋਂ ਬਾਅਦ ਕੂੜਾ ਤਾਜਪੁਰ ਰੋਡ 'ਤੇ ਸਥਿਤ ਨਗਰ ਨਿਗਮ ਦੇ ਮੁੱਖ ਡੰਪ ਸਾਈਟ 'ਤੇ ਭੇਜ ਦਿੱਤਾ ਜਾਂਦਾ ਹੈ। ਖੁੱਲ੍ਹੀਆਂ ਸੈਕੰਡਰੀ ਡੰਪ ਸਾਈਟਾਂ ਸ਼ਹਿਰ ਦੇ ਚਿਹਰੇ 'ਤੇ ਦਾਗ ਲਗਾ ਰਹੀਆਂ ਸਨ ਅਤੇ ਕੂੜੇ ਦੇ ਡੰਪਾਂ 'ਚੋਂ ਨਿਕਲਦੀ ਬਦਬੂ ਕਾਰਨ ਸ਼ਹਿਰ ਵਾਸੀਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰ ਭਰ ਵਿੱਚ ਕੰਪੈਕਟਰ ਲਗਾਉਣ ਤੋਂ ਬਾਅਦ ਓਪਨ/ਖੁੱਲ੍ਹੀਆਂ ਸੈਕੰਡਰੀ ਡੰਪ ਸਾਈਟਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਕੂੜਾ ਸਿੱਧਾ ਕੰਪੈਕਟਰਾਂ ਦੇ ਅੰਦਰ ਡੰਪ ਕੀਤਾ ਜਾਵੇਗਾ। ਕੋਈ ਵੀ ਗੰਦੀ ਬਦਬੂ ਨਹੀਂ ਨਿਕਲੇਗੀ ਅਤੇ ਇਸ ਨਾਲ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਚੀਮਾ ਚੌਕ ਸਟੈਟਿਕ ਕੰਪੈਕਟਰ ਸਾਈਟ ਦਾ ਉਦਘਾਟਨ ਕਰਨ ਉਪਰੰਤ ਵਾਰਡ ਨੰਬਰ 52, 53, 55, 20 ਦੇ ਘਰਾਂ/ਦੁਕਾਨਾਂ ਆਦਿ ਵਿੱਚੋਂ ਇਕੱਠਾ ਹੋਇਆ ਕੂੜਾ ਚੀਮਾ ਚੌਕ ਵਾਲੀ ਥਾਂ ’ਤੇ ਲੱਗੇ ਕੰਪੈਕਟਰਾਂ ਵਿੱਚ ਡੰਪ ਕੀਤਾ ਜਾਵੇਗਾ। ਇਸ ਲਈ ਇਨ੍ਹਾਂ ਵਾਰਡਾਂ ਵਿੱਚ ਖੁੱਲ੍ਹੀਆਂ ਡੰਪ ਸਾਈਟਾਂ ਬੰਦ ਹੋ ਜਾਣਗੀਆਂ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਇਸੇ ਤਰ੍ਹਾਂ ਲੁਧਿਆਣਾ ਕੇਂਦਰੀ ਹਲਕੇ ਦੇ ਹੋਰ ਇਲਾਕਿਆਂ ਵਿੱਚ ਖੁੱਲ੍ਹੀਆਂ ਡੰਪ ਸਾਈਟਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੀਆਂ ਪੰਜ ਸਟੈਟਿਕ ਕੰਪੈਕਟਰ ਸਾਈਟਾਂ ਦੇ ਉਦਘਾਟਨ ਤੋਂ ਬਾਅਦ ਹਟਾ ਦਿੱਤਾ ਜਾਵੇਗਾ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ ਅਤੇ ਸੂਬੇ ਭਰ ਵਿੱਚ ਮਿਆਰੀ ਬੁਨਿਆਦੀ ਢਾਂਚਾ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਪੈਕਟਰ ਲਗਾਉਣ ਦਾ ਪ੍ਰੋਜੈਕਟ ਵੀ ਕਾਫੀ ਸਮੇਂ ਤੋਂ ਲਟਕ ਰਿਹਾ ਸੀ ਪਰ ਸਾਡੇ ਯਤਨਾਂ ਅਤੇ ਸੂਬਾ ਸਰਕਾਰ ਦੇ ਸਹਿਯੋਗ ਸਦਕਾ ਹੁਣ ਸ਼ਹਿਰ ਵਿੱਚ ਕੰਪੈਕਟਰ ਲਗਾਏ ਜਾ ਰਹੇ ਹਨ। ਉਦਘਾਟਨੀ ਸਮਾਰੋਹ ਦੌਰਾਨ ਨਿਰਮਲ ਵਿਰਕ, ਨੇਕ ਚੰਦ, ਗੁਰਪ੍ਰੀਤ ਸਿੰਘ ਰਾਜੂ ਬਾਬਾ, ਵਿਜੇ ਸਿੰਘ, ਕਪਿਲ ਸਿੱਧੂ, ਸੁਖਜੀਤ ਆਜ਼ਾਦ, ਦਵਿੰਦਰ ਸ਼ਰਮਾ ਬਿੱਟਾ, ਸੰਨੀ ਸੂਦ, ਸੰਦੀਪ ਸਸੋਦੀਆ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।