ਵਿਧਾਇਕ ਮਾਲੇਰਕੋਟਲਾ ਨੇ ਸੰਦੋੜ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਗੁਰਧਾਮਾਂ ਲਈ ਕੀਤੀ ਸਰਧਾਲੂਆਂ ਦੀ ਬੱਸ ਰਵਾਨਾ

  • ਪੰਜਾਬ ਸਰਕਾਰ ਵਲੋਂ ਤੀਰਥ ਯਾਤਰਾ ਸਕੀਮ ਤੇ ਵਿੱਤੀ ਸਾਲ 2023-24 ਦੌਰਾਨ ਖਰਚ ਕੀਤੇ ਜਾਣਗੇ 40 ਕਰੋੜ ਰੁਪਏ

ਅਹਿਮਦਗੜ੍ਹ/ ਮਾਲੇਰਕੋਟਲਾ 22 ਫਰਵਰੀ : ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਅੱਜ ਸੰਦੋੜ  ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ। ਇਸ ਮੌਕੇ ਅਸ਼ਰਫ ਅਬਦੁੱਲਾ, ਜਗਤਾਰ ਸਿੰਘ ਜੱਸਲ, ਯਾਸਰ ਅਰਫਾਤ, ਮਨਜੀਤ ਸਿੰਘ ਕਲਿਆਣ ,ਸਤਿਗੁਰ ਸਿੰਘ ਕਲਿਆਣ, ਗੁਰਪ੍ਰੀਤ ਸਿੰਘ ਗੱਗੀ, ਸੰਦੀਪ ਸਿੰਘ ਅਤੇ ਅਜੈਬ ਸਿੰਘ ਮੌਜੂਦ ਸਨ।ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਸਰਧਾਲੂਆਂ ਨੂੰ ਰਵਾਨਾ ਕਰਨ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਰੇਕ ਹਲਕੇ ਵਿੱਚੋਂ ਸੰਗਤਾਂ ਨੂੰ ਪੰਜਾਬ ਤੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਥਿਤ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ, ਜਿਸ ਨੂੰ ਭਰਵਾਂ ਹੁੰਗਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਸਰਕਾਰ ਨੇ ਇਸ ਮਾਣਮੱਤੀ ਸਕੀਮ ਲਈ ਵਿੱਤੀ ਸਾਲ 2023-24 ਦੌਰਾਨ 40 ਕਰੋੜ ਰੁਪਏ ਦੇ ਬਜਟ  ਦਾ ਵੱਖਰਾ ਉਪਬੰਧ ਕੀਤਾ ਗਿਆ ਹੈ ਤਾਂ ਜੋ ਪੰਜਾਬੀਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੀ  ਮੁਫ਼ਤ ਯਾਤਰਾ ਕਰਵਾ ਕੇ ਨਤਮਸਤਕ ਹੋਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ । ਤੀਰਥ ਯਾਤਰਾ ਬੱਸ ਨੂੰ ਰਵਾਨਾ ਕਰਨ ਮੌਕੇ ਉਨ੍ਹਾਂ ਦੱਸਿਆ ਕਿ ਇਹ ਏ.ਸੀ.ਬੱਸ ਅੱਜ ਸਭ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ ਜਿੱਥੇ ਸੰਗਤਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਗੜ੍ਹ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨ ਕੀਤੇ ਜਾਣਗੇ। ਗੁਰਧਾਮਾ ਦੇ ਦਰਸ਼ਨ ਤੋਂ ਬਾਅਦ ਰਾਤ ਦਾ ਸਟੇਅ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ ਹੋਵੇਗਾ ਅਤੇ ਅਗਲੇ ਦਿਨ ਬੱਸ ਯਾਤਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਵਿਖੇ ਪਹੁੰਚੇਗੀ ਜਿੱਥੇ ਸੰਗਤਾਂ ਪਾਵਨ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ ਮਾਲੇਰਕੋਟਲਾ ਵਿਖੇ ਪਹੁੰਚਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਹੋਣ ਨਾਲ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਖਾਸ ਕਰ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਵੱਡਾ ਲਾਭ ਹੋਇਆ ਹੈ ਕਿਉਂਕਿ ਹੁਣ ਯਾਤਰਾ ਵਾਲੀ ਬੱਸ ਸਿੱਧੀ ਧਾਰਮਿਕ ਸਥਾਨ 'ਤੇ ਲੈਕੇ ਜਾਂਦੀ ਹੈ, ਜਿਸ ਨਾਲ ਸ਼ਰਧਾਲੂਆਂ ਨੂੰ ਯਾਤਰਾ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ।