ਕੰਮ ਨਾ ਹੋਣ ਤੋਂ ਗੁੱਸੇ 'ਚ ਆਏ ਵਿਧਾਇਕ ਗੋਗੀ ਨੇ ਮੁੱਖ ਮੰਤਰੀ ਵੱਲੋਂ ਲਾਇਆ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਤੋੜਿਆ

ਲੁਧਿਆਣਾ, 23 ਅਗਸਤ 2024 : ਪੰਜਾਬ ਸਰਕਾਰ ਕਿੰਨੇ ਵਿਕਾਸ ਕਾਰਜ ਕਰ ਰਹੀ ਹੈ, ਇਸ ਦੀ ਝਲਕ ਲੁਧਿਆਣਾ 'ਚ ਵੇਖਣ ਨੂੰ ਮਿਲੀ, ਜਿਥੇ ਕੰਮ ਨਾ ਹੋਣ ਤੋਂ ਗੁੱਸੇ 'ਚ ਵਿਧਾਇਕ ਗੋਗੀ ਨੇ ਆਪਣੇ ਹੱਥੀਂ ਹੀ ਮੁੱਖ ਮੰਤਰੀ ਵੱਲੋਂ ਲਾਇਆ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਭੰਨ ਸੁੱਟਿਆ। ਗੁਰਪ੍ਰੀਤ ਬੱਸੀ ਗੋਗੀ ਨੇ ਖੁਦ ਵੀਡੀਓ ਬਣਵਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ। ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਜ਼ਮੀਨੀ ਪੱਧਰ ’ਤੇ ਬਿਲਕੁਲ ਵੀ ਕੰਮ ਨਹੀਂ ਕਰ ਰਹੇ। ਅਧਿਕਾਰੀ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ, ਜਿਸ ਕਾਰਨ ਬੁੱਢਾ ਦਰਿਆ ਦਾ ਕੰਮ ਨਹੀਂ ਹੋ ਰਿਹਾ। ਅੱਜ ਹਾਲਾਤ ਇਹ ਹਨ ਕਿ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਲੋਕ ਕੈਂਸਰ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਗੋਗੀ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਨੂੰ ਭੁੱਖ ਹੜਤਾਲ ਕਰਨੀ ਪਈ ਤਾਂ ਉਹ ਜ਼ਰੂਰ ਕਰਨਗੇ। ਗੋਗੀ ਨੇ ਕਿਹਾ ਕਿ ਪ੍ਰਦੂਸ਼ਣ ਬੋਰਡ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਬੁੱਢਾ ਦਰਿਆ ਦੀ ਸਫ਼ਾਈ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਗੋਗੀ ਨੇ ਕਿਹਾ ਕਿ ਅੱਜ ਇਹ ਨੀਂਹ ਪੱਥਰ ਇਸ ਲਈ ਤੋੜਿਆ ਗਿਆ ਹੈ ਕਿਉਂਕਿ ਇਹ ਪੱਥਰ ਉਨ੍ਹਾਂ ਦੇ ਨਾਂ ਨੂੰ ਕਲੰਕਿਤ ਕਰ ਰਿਹਾ ਹੈ। ਬੁੱਢਾ ਦਰਿਆ ਦੀ ਸਫ਼ਾਈ ਨਹੀਂ ਹੋ ਰਹੀ। ਗੋਗੀ ਨੇ ਦੱਸਿਆ ਕਿ ਗੰਦਾ ਪਾਣੀ ਖੇਤਾਂ ਵਿੱਚ ਵੀ ਜਾ ਰਿਹਾ ਹੈ। ਬੁੱਢਾ ਦਰਿਆ ਦਾ ਗੰਦਾ ਪਾਣੀ ਪਸ਼ੂ ਵੀ ਪੀ ਰਹੇ ਹਨ। ਅੱਜ ਭਰੇ ਮਨ ਨਾਲ ਮੈਂ ਆਪਣੇ ਹੱਥੀਂ ਰੱਖੇ ਨੀਂਹ ਪੱਥਰ ਨੂੰ ਤੋੜਿਆ ਹੈ। ਗੋਗੀ ਨੇ ਦੱਸਿਆ ਕਿ ਇਹ ਨੀਂਹ ਪੱਥਰ ਇਸ ਲਈ ਰੱਖਿਆ ਗਿਆ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਇਹ ਸੋਚ ਸੀ ਕਿ ਸ਼ਹਿਰ ਵਿੱਚ ਵਿਕਾਸ ਕਾਰਜ ਕੀਤੇ ਜਾਣੇ ਹਨ। ਪਰ ਅਧਿਕਾਰੀ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹਨ। ਅਫਸਰਸ਼ਾਹੀ ਸ਼ਹਿਰ ਦੇ ਲੋਕਾਂ ਵਿੱਚ ਵਿਧਾਇਕਾਂ ਅਤੇ ਸਰਕਾਰ ਦੇ ਅਕਸ ਨੂੰ ਖਰਾਬ ਕਰਨ 'ਤੇ ਤੁਲੀ ਹੋਈ ਹੈ।