ਮੋਹਾਲੀ 14 ਜਨਵਰੀ : ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਮੋਟੇ ਅਨਾਜ ਦੇ ਫ਼ਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਮੋਹਾਲੀ ਵਿਖੇ 15 ਜਨਵਰੀ ਨੂੰ ‘ਮਿਲੇਟ ਮੇਲਾ’ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮੇਲਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਫ਼ੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ ਵਲੋਂ ਖੇਤੀ ਵਿਰਾਸਤ ਮਿਸ਼ਨ, ਪੀ. ਜੀ. ਆਈ ਅਤੇ ਪੀ. ਐਚ. ਡੀ. ਚੈਬਰ ਆਫ਼ ਕਾਮਰਸ ਦੇ ਸਹਿਯੋਗ ਨਾਲ ਮੋਹਾਲੀ ਦੇ ਸ਼ਿਵਾਲਿਕ ਪਬਲਿਕ ਸਕੂਲ, ਫ਼ੇਜ਼ 6 ਵਿਖੇ ਕਰਵਾਇਆ ਜਾ ਰਿਹਾ ਹੈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੇਲੇ ਦਾ ਉਦਘਾਟਨ ਕਰਨਗੇ ਅਤੇ ਹੋਰ ਵੀ ਕਈ ਉਘੀਆਂ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ। ਡਾ. ਸੁਭਾਸ਼ ਨੇ ਕਿਹਾ ਕਿ ਇਸ ਮੇਲੇ ਦਾ ਉਦੇਸ਼ ਮੋਟੇ ਅਨਾਜ ਦੇ ਫ਼ਾਇਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਇਸ ਦੀ ਵਰਤੋਂ ਨਾਲ ਸਾਡੀ ਸਿਹਤ ਚੰਗੀ ਅਤੇ ਨਰੋਈ ਹੋ ਸਕੇ। ਉਨ੍ਹਾਂ ਕਿਹਾ, ‘ਪੋਸ਼ਕ ਤੱਤਾਂ ਨਾਲ ਭਰਪੂਰ ਮੋਟਾ ਅਨਾਜ ਅੱਜ ਸਾਡੀ ਥਾਲੀ ’ਚੋਂ ਗ਼ਾਇਬ ਹੋ ਗਿਆ ਹੈ ਜਦਕਿ ਇਹ ਸਿਹਤ ਲਈ ਅਤਿਅੰਤ ਪੌਸ਼ਟਿਕ ਖ਼ੁਰਾਕ ਹੈ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਵੱਖ-ਵੱਖ ਸਟਾਲ ਲਗਾਏ ਜਾਣਗੇ ਜਿਥੇ ਮੋਟੇ ਅਨਾਜ ਤੋਂ ਬਣੇ ਖ਼ੁਰਾਕੀ ਪਦਾਰਥਾਂ ਦੀ ਨੁਮਾਇਸ਼ ਲਗਾਈ ਜਾਵੇਗੀ। ਫ਼ੂਡ ਸਟਾਲ, ਨੁਮਾਇਸ਼, ਮਾਹਰਾਂ ਦੀ ਵਿਚਾਰ-ਚਰਚਾ ਆਦਿ ਮੇਲੇ ਦਾ ਮੁੱਖ ਆਕਰਸ਼ਣ ਹੋਣਗੇ। ਡਾ. ਸੁਭਾਸ਼ ਨੇ ਆਮ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਇਸ ਮੇਲੇ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਤਾਕਿ ਮੋਟੇ ਅਨਾਜ ਦੇ ਫ਼ਾਇਦਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕੀਤੀ ਜਾ ਸਕੇ। ਮੇਲੇ ਵਿਚ ਲੋਕਾਂ ਦਾ ਦਾਖ਼ਲਾ ਬਿਲਕੁਲ ਮੁਫ਼ਤ ਹੈ।