- ਸੰਸਦ ਵਿੱਚ ਪਲੇਠੇ ਭਾਸ਼ਣ ਵਿੱਚ ਪੰਜਾਬ ਦੇ ਹੱਕਾਂ ਦੀ ਆਵਾਜ਼ ਕੀਤੀ ਬੁਲੰਦ
ਬਰਨਾਲਾ, 2 ਜੁਲਾਈ 2024 : ਸੰਸਦ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਵਿੱਚ ਆਪਣਾ ਪਲੇਠਾ ਭਾਸ਼ਣ ਦਿੰਦੇ ਹੋਏ ਜਿੱਥੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਓਥੇ ਕੇਂਦਰ ਸਰਕਾਰ ਵਲੋਂ ਰੋਕੇ ਗਏ ਪੇਂਡੂ ਵਿਕਾਸ ਫੰਡ ਸਣੇ ਹੋਰ ਫੰਡਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਆਰਡੀਐਫ (ਰੂਰਲ ਡਿਵੈਲਪਮੈਂਟ ਫੰਡ) ਸਮੇਤ ਰੋਕੇ ਤਕਰੀਬਨ 8000 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਜਾਣ, ਕਿਉਂਕਿ ਇਹ ਪੰਜਾਬ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਹੋਰਾਂ ਸੂਬਿਆਂ ਨੂੰ ਵਿਸ਼ੇਸ਼ ਪੈਕੇਜ ਦਿੱਤੇ ਜਾਂਦੇ ਹਨ ਤੇ ਪੰਜਾਬ ਨੂੰ ਓਸਦਾ ਬਣਦਾ ਹੱਕ ਵੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਬੇਨਤੀ ਕੀਤੀ ਕਿ ਪੰਜਾਬ ਦੇ ਰੋਕੇ ਹੋਏ ਫੰਡ ਜਲਦ ਤੋਂ ਜਲਦ ਜਾਰੀ ਕੀਤੇ ਜਾਣ। ਐੱਮਪੀ ਮੀਤ ਹੇਅਰ ਨੇ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ 80 ਫੀਸਦੀ ਕੁਰਬਾਨੀਆਂ ਤੋਂ ਲੈ ਕੇ ਵੰਡ ਦਾ ਸੰਤਾਪ ਭੋਗਣ, ਕਿਸਾਨਾਂ ਵੱਲੋਂ ਦੇਸ਼ ਦੇ ਅੰਨ ਭੰਡਾਰ ਭਰਨ, ਬਾਰਡਰਾਂ ਉੱਤੇ ਸੈਨਿਕਾਂ ਵੱਲੋਂ ਸ਼ਹੀਦੀ ਪਾਉਣ ਅਤੇ ਖੇਡਾਂ ਖਾਸ ਕਰਕੇ ਓਲੰਪਿਕਸ ਵਿੱਚ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਕੀਤਾ ਉਨ੍ਹਾਂ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਅਰਸ਼ਦੀਪ ਸਿੰਘ ਤੱਕ ਜ਼ਿਕਰ ਕੀਤਾ। ਮੀਤ ਹੇਅਰ ਨੇ ਪੰਜਾਬ ਯੂਨੀਵਰਸਿਟੀ ਦੇ ਸਮਾਗਮ ਮੌਕੇ ਤੱਤਕਾਲੀ ਗ੍ਰਹਿ ਮੰਤਰੀ ਸਰਦਾਰ ਪਟੇਲ ਵੱਲੋਂ ਪੰਜਾਬੀਆਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਦਾ ਜ਼ਿਕਰ ਕਰਦਿਆਂ ਪੰਜਾਬ ਨਾਲ ਕੇਂਦਰ ਦੀ ਵਿਤਕਰੇਬਾਜੀ ਅਤੇ ਗੁਆਂਢੀ ਸੂਬਿਆਂ ਨੂੰ ਟੈਕਸ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗਾਂ ਨਾਲ ਮਤਰੇਏ ਸਲੂਕ ਦੀ ਗੱਲ ਕਹੀ ਤੇ ਆਰਡੀਐਫ ਸਮੇਤ ਰੋਕੇ 8000 ਕਰੋੜ ਰੁਪਏ ਦੇ ਫੰਡਾਂ ਨੂੰ ਜਾਰੀ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਅਗਨੀਵੀਰ ਸਕੀਮ ਦਾ ਪਹਿਲਾ ਸ਼ਹੀਦ ਪੰਜਾਬੀ ਅੰਮ੍ਰਿਤਪਾਲ ਸਿੰਘ ਸੀ ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਸ. ਮੀਤ ਹੇਅਰ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਬੋਲਦਿਆਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਰੱਖੀ। ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਸੰਗਰੂਰ ਦੇ ਲੋਕਾਂ ਦਾ ਸੰਸਦ ਵਿੱਚ ਭੇਜਣ ਲਈ ਧੰਨਵਾਦ ਕੀਤਾ।