
- ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਕੇ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ-ਡੀ.ਸੀ
ਫ਼ਰੀਦਕੋਟ 5 ਮਾਰਚ 2025 : ਜਿਲ੍ਹਾ ਵਿੱਚ ਸੜਕ ਸੁਰੱਖਿਆ ਸੰਬਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਜਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਪੂਰੀ ਕਰਵਾਉਣ ਲਈ ਸਖਤੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਅਣਅਧਿਕਾਰਿਤ ਪਾਰਕਿੰਗ, ਵੱਧ ਸਪੀਡ, ਓਵਰ ਲੋਡ ਵਾਹਨਾਂ ਦੇ ਚਲਾਨ ਕੱਟੇ ਜਾਣ ਅਤੇ ਔਰਤਾਂ ਦੀ ਬੱਸਾਂ ਵਿੱਚ ਸੁਰੱਖਿਆ ਯਕੀਨੀ ਬਣਾਈ ਜਾਵੇ । ਇਸ ਦੇ ਨਾਲ ਹੀ ਉਨ੍ਹਾਂ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਸੇਫ ਸਕੂਲ ਵਾਹਨ ਪਾਲਿਸੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਹਦਾਇਤ ਕੀਤੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਰੈਗੂਲਰ ਸਕੂਲਾਂ ਦੀ ਟਰਾਂਸਪੋਰਟ ਦੀ ਚੈਕਿੰਗ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਵਾਹਨ ਚਲਾਉਣ ਵਾਲੇ ਡਰਾਈਵਰਾਂ ਦੀ ਵੀ ਸਿਹਤ ਜਾਂਚ ਲਗਾਤਾਰ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸੜਕਾਂ ਤੇ ਦੁਰਘਟਾਨਵਾਂ ਤੋਂ ਬਚਾਅ ਲਈ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਜਿਵੇ ਕਿ ਦੋ ਪਹੀਆਂ ਵਾਹਨ ਚਲਾਉਣ ਲਈ ਹੈਲਮਟ ਅਤੇ ਚਾਰ ਪਹੀਆਂ ਲਈ ਬੈਲਟ ਲਗਾਈ ਜਾਵੇ। ਇਨ੍ਹਾਂ ਨਿੱਕੇ ਨਿੱਕੇ ਨਿਯਮਾਂ ਦੀ ਪਾਲਣਾ ਕਰਕੇ ਗੰਭੀਰ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਥੋੜੀ ਜਿਹੀ ਲਾਪਰਵਾਹੀ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਨੂੰ ਟਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਜੀ.ਏ.ਮੈਡਮ ਤੁਸ਼ਿਤਾ ਗੁਲਾਟੀ, ਸ. ਜਸਵਿੰਦਰ ਸਿੰਘ ਆਰ.ਟੀ.ਓ, ਜਿਲ੍ਹਾ ਸਿੱਖਿਆ ਅਫਸਰ ਮੈਡਮ ਨੀਲਮ ਰਾਣੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਨ.ਜੀ.ਓ ਦੇ ਨੁਮਾਇੰਦੇ ਵੀ ਹਾਜ਼ਰ ਸਨ।